ਨਵੀਂ ਦਿੱਲੀ: ਨਿਰਭਯਾ ਸਮੂਹਿਕ ਜਬਰ-ਜਨਾਹ ਅਤੇ ਕਤਲ ਮਾਮਲੇ ਦੇ ਦੋਸ਼ੀਆਂ ਨੂੰ ਫਾਂਸੀ ਦੇ ਦਿੱਤੀ ਗਈ ਹੈ। ਦੋਸ਼ੀਆਂ ਦਾ ਦੀਨ ਦਿਆਲ ਉਪਾਧਿਆਏ ਹਸਪਤਾਲ (DDU) ਵਿੱਚ ਪੋਸਟਮਾਰਟਮ ਕੀਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ ਹਨ।
ਮ੍ਰਿਤਕ ਅਕਸ਼ੇ ਦਾ ਅੰਤਿਮ ਸੰਸਕਾਰ ਬਿਹਾਰ ਵਿੱਚ ਕੀਤਾ ਜਾਵੇਗਾ, ਮੁਕੇਸ਼ ਦਾ ਅੰਤਿਮ ਸੰਸਕਾਰ ਰਾਜਸਥਾਨ ਵਿੱਚ ਕੀਤਾ ਜਾਵੇਗਾ ਅਤੇ ਦੋਸ਼ੀ ਵਿਨੇ ਤੇ ਪਵਨ ਦੀਆਂ ਮ੍ਰਿਤਕ ਦੇਹਾਂ ਨੂੰ ਰਵਿਦਾਸ ਕੈਂਪ ਲਿਜਾਇਆ ਜਾਵੇਗਾ।
ਆਖ਼ਰਕਾਰ ਨਿਰਭਯਾ ਨੂੰ 7 ਸਾਲ 3 ਮਹੀਨੇ ਤੇ 3 ਦਿਨ ਬਾਅਦ ਇਨਸਾਫ ਮਿਲਿਆ ਹੈ। ਦੋਸ਼ੀਆਂ ਨੂੰ ਸਵੇਰੇ 5.30 ਵਜੇ ਫਾਂਸੀ ਦਿੱਤੀ ਗਈ ਅਤੇ 30 ਮਿੰਟ ਬਾਅਦ ਮੈਡੀਕਲ ਅਫ਼ਸਰ ਨੇ ਚਾਰਾਂ ਦੋਸ਼ੀਆਂ, ਪਵਨ ਕੁਮਾਰ, ਅਕਸ਼ੇ, ਮੁਕੇਸ਼ ਅਤੇ ਵਿਨੇ ਨੂੰ ਮ੍ਰਿਤਕ ਐਲਾਨ ਦਿੱਤਾ।
ਦੋਸ਼ੀਆਂ ਨੂੰ ਫਾਂਸੀ ਮਿਲਣ ਤੋਂ ਬਾਅਦ ਨਿਰਭਯਾ ਦੀ ਮਾਂ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਇਨਸਾਫ਼ ਮਿਲਿਆ ਹੈ ਪਰ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ।