ਧਰਮਸ਼ਾਲਾ: ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਦੇ ਜ਼ਿਲ੍ਹਾ ਕਾਂਗੜਾ ਦੇ 4 ਦਿਨਾਂ ਦੌਰੇ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ। ਹੁਣ ਸੀਐਮ ਦੇ ਖ਼ਿਲਾਫ਼ ਕੋਰੋਨਾ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਇੱਕ ਵਿਅਕਤੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਵਿਰੇਂਦਰ ਕਟੋਚ ਨਾਂਅ ਦੇ ਇੱਕ ਵਿਅਕਤੀ ਨੇ ਪੁਲਿਸ ਕਪਤਾਨ ਨੂੰ ਆਨਲਾਈਨ ਸ਼ਿਕਾਇਤ ਦਿੱਤੀ ਹੈ।
ਬੈਜਨਾਥ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਨੇ ਮੁੱਖ ਮੰਤਰੀ ਦੇ ਦੌਰੇ ਦੌਰਾਨ ਕੋਰੋਨਾ ਮਹਾਂਮਾਰੀ ਦੇ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਸਵਾਲ ਚੁੱਕੇ ਹਨ। ਜੈਰਾਮ ਠਾਕੁਰ ਵਿਰੁੱਧ ਦਿੱਤੀ ਆਨਲਾਈਨ ਸ਼ਿਕਾਇਤ ਵਿੱਚ ਉਸ ਨੇ ਕਿਹਾ ਕਿ ਮੁੱਖ ਮੰਤਰੀ ਨੇ ਧਰਮਸ਼ਾਲਾ ਦੌਰੇ ਦੌਰਾਨ ਕਚਹਿਰੀ ਚੌਕ ਧਰਮਸ਼ਾਲਾ ਵਿੱਚ ਤਕਰੀਬਨ 300 ਲੋਕਾਂ ਦੀ ਭੀੜ ਇਕੱਠੀ ਕੀਤੀ। ਇਸ ਵਿੱਚ ਸਰਕਾਰੀ ਅਧਿਕਾਰੀ ਵੀ ਸ਼ਾਮਲ ਸਨ, ਉਹ ਵੀ ਅਜਿਹੇ ਸਮੇਂ ਜਦ ਕੋਰੋਨਾ ਸੰਕਟ ਜਾਰੀ ਹੈ।
ਖ਼ੁਦ ਭਾਰਤ ਸਰਤਾਰ ਤੋਂ ਲੈ ਕੇ ਸੂਬਾ ਸਰਕਾਰਾਂ ਨੇ ਕੋਰੋਨਾ ਪ੍ਰਤੀ ਆਮ ਲੋਕਾਂ ਲਈ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਜੇ ਕੋਈ ਆਮ ਆਦਮੀ ਇਸ ਤਰ੍ਹਾਂ ਦੀ ਹਰਕਤ ਕਰਦਾ ਤਾਂ ਉਸ ਨੂੰ ਭਾਰੀ ਜੁਰਮਾਨਾ ਲਗਾਇਆ ਜਾਂਦਾ ਹੈ, ਤਾਂ ਅਜਿਹੇ ਵਿੱਚ ਸਰਕਾਰ ਚਲਾਉਣ ਵਾਲਿਆਂ ਨੂੰ ਕਾਨੂੰਨ ਆਪਣੇ ਦਾਇਰੇ ਵਿੱਚ ਕਿਉਂ ਨਹੀਂ ਲਿਆ ਰਿਹਾ।
ਇਸ ਤੋਂ ਇਲਾਵਾ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਭਾਜਪਾ ਵਰਕਰਾਂ ਵੱਲੋਂ ਲੋਕਾਂ ਨਾਲ ਕਥਿਤ ਤੌਰ 'ਤੇ ਕੀਤੀ ਬਦਸਲੂਕੀ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਵਰਕਰਾਂ ਨੇ ਬੱਚਿਆਂ ਅਤੇ ਮਹਿਲਾਵਾਂ ਤੋਂ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਲਗਾਏ ਗਏ ਪੋਸਟਰ ਖੋਹ ਕੇ ਉਨ੍ਹਾਂ ਨਾਲ ਬਦਸਲੂਕੀ ਕੀਤੀ।
ਐਸੀ ਵਿਮੁਕਤ ਰੰਜਨ ਨੇ ਇਸ ਖ਼ਬਰ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਈਮੇਲ ਰਾਹੀਂ ਉਨ੍ਹਾਂ ਕੋਲ ਇੱਕ ਸ਼ਿਕਾਇਤ ਆਈ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ।