ਜਾਮਤਾੜਾ: ਜਾਮਤਾੜਾ ਸਾਈਬਰ ਥਾਣਾ ਦੀ ਪੁਲਿਸ ਨੇ ਪੰਜਾਬ ਦੀ ਸੰਸਦ ਮੈਂਬਰ ਪਰਨੀਤ ਕੌਰ ਦੇ ਖ਼ਾਤੇ ਤੋਂ ਸਾਈਬਰ ਠੱਗੀ ਰਾਹੀਂ 23 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਦੇ ਵਿੱਚ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਗੁਪਤ ਸੂਚਨਾ ਦੇ ਆਧਾਰ 'ਤੇ ਸਾਈਬਰ ਥਾਣਾ ਦੀ ਪੁਲਿਸ ਨੇ ਉਸ ਨੂੰ ਕਾਬੂ ਕੀਤਾ।
ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਅਤੇ ਸੰਸਦ ਮੈਂਬਰ ਪਰਨੀਤ ਕੌਰ ਦੇ ਬੈਂਕ ਖ਼ਾਤੇ ਤੋਂ ਲੱਖਾਂ ਰੁਪਏ ਠੱਗੀ ਮਾਰਨ ਵਾਲੇ ਵਿਅਕਤੀ ਕੁਤੁਬ-ਉਲ-ਅੰਸਾਰੀ ਦੀ ਤਲਾਸ਼ ਪੁਲਿਸ ਨੂੰ ਕਾਫ਼ੀ ਲੰਬੇ ਸਮੇਂ ਤੋਂ ਸੀ, ਜੋ ਕਿ ਪੁਲਿਸ ਨੂੰ ਕਾਫੀ ਸਮੇਂ ਤੋਂ ਚਕਮਾ ਦੇ ਰਿਹਾ ਸੀ ਅਤੇ ਆਖ਼ਿਰਕਾਰ ਲੰਬੇ ਸਮੇਂ ਦੀ ਕਾਰਵਾਈ ਤੋਂ ਬਾਅਦ ਪੁਲਿਸ ਨੇ ਉਸ ਨੂੰ ਫੜ ਲਿਆ ਹੈ।
ਤੁਹਾਨੂੰ ਦੱਸ ਦਈਏ ਕਿ ਪਰਨੀਤ ਕੌਰ ਦੇ ਖ਼ਾਤੇ ਤੋਂ ਸਾਈਬਰ ਠੱਗ ਵੱਲੋਂ ਬੈਂਕ ਅਧਿਕਾਰੀ ਬਣ ਕੇ ਉਨ੍ਹਾਂ ਦੀ ਤਨਖ਼ਾਹ ਖ਼ਾਤੇ ਵਿੱਚ ਪਾਉਣ ਨੂੰ ਲੈ ਕੇ ਏਟੀਐੱਮ ਵਗੈਰਾ ਦੀ ਸਾਰੀ ਜਾਣਕਾਰੀ ਲੈ ਲਈ ਅਤੇ ਲਗਭਗ 23 ਲੱਖ ਰੁਪਏ ਦੀ ਠੱਗੀ ਮਾਰੀ, ਜਿਸ ਦੀ ਨਿਕਾਸੀ ਜਾਮਤਾੜਾ ਤੋਂ ਕੀਤੀ ਗਈ ਸੀ।
ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਨੇ ਜਾਮਤਾੜਾ ਆ ਕੇ ਅਤਾਤੁਲ ਅੰਸਾਰੀ ਨਾਂਅ ਦੇ ਇੱਕ ਨੌਜਵਾਨ ਨੂੰ ਪਹਿਲਾਂ ਹੀ ਕਾਬੂ ਕਰ ਲਿਆ ਹੈ ਅਤੇ ਇਸ ਕਾਂਡ ਵਿੱਚ ਸ਼ਾਮਲ ਹੋਰ ਦੋਸ਼ੀ ਦੀ ਗ੍ਰਿਫ਼ਤਾਰੀ ਕੀਤੇ ਜਾਣ ਦੀ ਜਾਣਕਾਰੀ ਪੁਲਿਸ ਨੇ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਕੁਤੁਬ-ਉਲ-ਅੰਸਾਰੀ ਨਾਂਅ ਦੇ ਇੱਕ ਹੋਰ ਦੋਸ਼ੀ ਨੂੰ ਵੀ ਕਾਬੂ ਕੀਤਾ ਸੀ, ਜੋ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਸੀ।