ਚੁਰੂ/ਰਾਜਸਥਾਨ: ਨਾਕਾਬੰਦੀ ਦੌਰਾਨ ਕਾਰਵਾਈ ਕਰਦੇ ਹੋਏ ਦੁਧਵਾੜਾ ਥਾਣੇ ਦੀ ਪੁਲਿਸ ਨੇ ਟਰੱਕ ਵਿੱਚ ਪਏ ਪਿਆਜ਼ ਵਿੱਚ ਡੋਡਾ ਭੁੱਕੀ ਦੀ ਤਸਕਰੀ ਕਰਦੇ ਹੋਏ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਮੁਲਜ਼ਮ ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨਾਲ ਸਬੰਧਤ ਹਨ। ਇਸ ਸਮੇਂ ਦੌਰਾਨ ਪੁਲਿਸ ਨੇ ਮੁਲਜ਼ਮ ਕੋਲੋਂ 84 ਕਿੱਲੋਂ ਡੋਡਾ ਭੁੱਕੀ ਵੀ ਬਰਾਮਦ ਕੀਤੀ ਹੈ, ਜਿਸ ਦੀ ਅੰਦਾਜ਼ਨ ਕੀਮਤ 4 ਲੱਖ ਰੁਪਏ ਦੱਸੀ ਜਾ ਰਹੀ ਹੈ।
ਪੁਲਿਸ ਨੇ ਨਾਕਾਬੰਦੀ ਦੌਰਾਨ ਐਨਐਚ 52 'ਤੇ ਚੁਰੂ ਤੋਂ ਰਾਜਗੜ ਜਾ ਰਹੇ ਪਿਆਜ਼ ਨਾਲ ਭਰੇ ਟਰੱਕ ਦੀ ਤਲਾਸ਼ੀ ਲਈ ਤਾਂ ਉਸ ਸਮੇਂ 84 ਕਿੱਲੋਂ ਡੋਡਾ ਭੁੱਕੀ ਪਿਆਜ਼ ਦੇ ਕੱਟ ਹੇਠ ਲੁਕਾਈ ਮਿਲੀ। ਇਸ ਦੌਰਾਨ ਪੁਲਿਸ ਨੇ ਪੰਜਾਬ ਨਿਵਾਸੀ ਤੇਜ ਬਹਾਦਰ ਅਤੇ ਗੁਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਨਾਜਾਇਜ਼ ਡੋਡਾ ਪੋਸਤ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਹੈ। ਜ਼ਬਤ ਕੀਤੇ ਗਏ ਨਾਜਾਇਜ਼ ਡੋਡੇ ਦੀ ਅਨੁਮਾਨਤ ਕੀਮਤ 4 ਲੱਖ ਰੁਪਏ ਦੱਸੀ ਜਾ ਰਹੀ ਹੈ।
ਦੁਧਵਾੜਾ ਥਾਣੇ ਵਿਖੇ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਹੁਣ ਫੜੇ ਗਏ ਮੁਲਜ਼ਮਾਂ ਤੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸ ਦੇ ਇਸ਼ਾਰੇ 'ਤੇ ਮੁਲਜ਼ਮ ਇਹ ਨਸ਼ੇ ਦੀ ਖੇਪ ਲੈ ਕੇ ਆਏ ਸਨ ਅਤੇ ਉਹ ਅੱਗੇ ਕਿੱਥੇ ਸਪਲਾਈ ਕਰਨ ਜਾ ਰਹੇ ਸਨ। ਪੂਰੇ ਮਾਮਲੇ ਦੀ ਜਾਂਚ ਅਧਿਕਾਰੀ ਰਤਨਨਗਰ ਥਾਣਾ ਲੂੰਕਰਣ ਸਿੰਘ ਨੂੰ ਸੌਂਪ ਦਿੱਤੀ ਗਈ ਹੈ।