ਗੁਰੂਗ੍ਰਾਮ: ਹਰਿਆਣਾ ਦੀਆਂ 90 ਸੀਟਾਂ ਉੱਤੇ 21 ਅਕਤੂਬਰ ਨੂੰ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਹਰਿਆਣਾ ਵਿੱਚ ਸੋਮਵਾਰ ਨੂੰ ਰਾਸ਼ਟਰੀ ਪਾਰਟੀਆਂ ਦੇ ਸਟਾਰ ਪ੍ਰਚਾਰਕਾਂ ਦੀ ਐਂਟਰੀ ਹੋਣ ਵਾਲੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਹੁਲ ਗਾਂਧੀ ਸੋਮਵਾਰ ਨੂੰ ਹਰਿਆਣਾ ਵਿੱਚ ਚੋਣ ਪ੍ਰਚਾਰ ਕਰਨਗੇ।
4 ਚੋਣ ਰੈਲੀਆਂ ਕਰਨਗੇ ਪੀਐਮ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬੇ ਵਿੱਚ 4 ਚੋਣ ਰੈਲੀਆਂ ਕਰਨਗੇ। ਇਨ੍ਹਾਂ ਰੈਲੀਆਂ ਦੀ ਸ਼ੁਰੂਆਤ ਉਹ ਬੱਲਭਗੜ੍ਹ ਤੋਂ ਕਰਨਗੇ। ਇਸ ਦੇ ਨਾਲ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਟੋਹਾਨਾ ਤੋਂ ਆਪਣੀ ਚੋਣ ਰੈਲੀ ਦਾ ਆਗਾਜ਼ ਕਰਨਗੇ। ਦੂਜੇ ਪਾਸੇ ਕਾਂਗਰਸ ਦੇ ਸਟਾਰ ਪ੍ਰਚਾਰਕ ਰਾਹੁਲ ਗਾਂਧੀ ਵੀ ਨੁੰਹ ਤੋਂ ਆਪਣੀ ਮੁਹਿੰਮ ਸ਼ੁਰੂ ਕਰਨਗੇ।
ਪ੍ਰਧਾਨ ਮੰਤਰੀ ਮੋਦੀ 15 ਅਕਤੂਬਰ ਨੂੰ ਦੋ ਰੈਲੀਆਂ ਚਰਖੀ ਦਾਦਰੀ ਅਤੇ ਕੁਰਕਸ਼ੇਤਰ ਵਿੱਚ ਕਰਨਗੇ ਜਦ ਕਿ ਚੌਥੀ ਰੈਲੀ ਹਿਸਾਰ ਵਿੱਚ ਹੋਣੀ ਹੈ। ਭਾਜਪਾ ਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਦੀਆਂ ਇਨ੍ਹਾਂ ਰੈਲੀਆਂ ਕਾਰਨ ਸੂਬੇ ਵਿੱਚ ਸਿਆਸੀ ਹਵਾ ਬਦਲ ਜਾਵੇਗੀ।
ਵੱਡੀ ਰੈਲੀ ਨੂੰ ਸੰਬੋਧਨ ਕਰਨਗੇ ਅਮਿਤ ਸ਼ਾਹ
ਗੱਲ ਕਰੀਏ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਤਾਂ ਉਹ ਵੀ ਸੋਮਵਾਰ ਨੂੰ ਹਿਸਾਰ ਰੋਡ ਸਥਿਤ ਟਾਊਨ ਪਾਰਕ ਦੇ ਸਾਹਮਣੇ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਨਗੇ। ਦੂਜੇ ਪਾਸੇ ਰਾਹੁਲ ਗਾਂਧੀ 14 ਅਕਤੂਬਰ ਨੂੰ ਨੁੰਹ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ।
ਰਾਹੁਲ ਗਾਂਧੀ ਦੇ ਨਾਲ ਹਰਿਆਣਾ ਕਾਂਗਰਸ ਦੇ ਇੰਚਾਰਜ ਗੁਲਾਮ ਨਬੀ ਆਜ਼ਾਦ, ਸੂਬਾ ਪ੍ਰਧਾਨ ਕੁਮਾਰੀ ਸ਼ੈਲਜਾ, ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸਣੇ ਕਈ ਵੱਡੇ ਆਗੂ ਜਨਸਭਾ ਨੂੰ ਸੰਬੋਧਨ ਕਰਨਗੇ। ਕਾਂਗਰਸੀ ਉਮੀਦਵਾਰਾਂ ਨੂੰ ਵੀ ਆਪਣੇ ਰਾਸ਼ਟਰੀ ਆਗੂ ਰਾਹੁਲ ਗਾਂਧੀ ਤੋਂ ਕਾਫੀ ਉਮੀਦਾਂ ਹਨ।
ਹੁਣ ਵੇਖਣਾ ਇਹ ਹੋਵੇਗਾ ਕਿ ਇਨ੍ਹਾਂ ਵੱਡੀਆਂ ਰੈਲੀਆਂ ਤੋਂ ਬਾਅਦ ਸਿਆਸਤ ਕਿਵੇਂ ਭਖਦੀ ਹੈ। ਕਾਂਗਰਸ ਇੱਕ ਵਾਰ ਮੁੜ ਸੱਤਾ ਤੇ ਕਾਬਜ ਹੁੰਦੀ ਹੈ ਜਾਂ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਸੂਬੇ ਵਿੱਚ ਸਰਕਾਰ ਬਨਾਉਣ ਵਿੱਚ ਸਫ਼ਲ ਹੁੰਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।