ਨਵੀਂ ਦਿੱਲੀ: ਭਾਰਤ ਵਿੱਚ ਲੌਕਡਾਊਨ ਦੇ ਚੌਥੇ ਪੜਾਅ ਦਾ ਅੰਤ ਹੋਣ ਵਾਲਾ ਹੈ। ਇਸੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਕੋਰੋਨਾ ਵਾਇਰਸ ਕਾਰਨ ਲਗਾਈ ਤਾਲਾਬੰਦੀ ਦੀ ਸਮੀਖਿਆ ਕਰਨ ਲਈ ਸ਼ੁੱਕਰਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਇੱਕ ਮੀਟਿੰਗ ਕੀਤੀ।
ਜਾਣਕਾਰੀ ਦੇ ਅਨੁਸਾਰ, ਲੌਕਡਾਉਨ ਤੋਂ ਬਾਹਰ ਨਿਕਲਣ ਦੀ ਰਣਨੀਤੀ ਅਤੇ 31 ਮਈ ਤੋਂ ਬਾਅਦ ਦੇਸ਼ ਵਿੱਚ ਕਿਹੜੀਆਂ ਪਾਬੰਦੀਆਂ ਕਾਇਮ ਰੱਖੀਆਂ ਜਾਣਗੀਆਂ, ਇਸ ਸਬੰਧੀ ਪੀਐਮ ਨੇ ਗ੍ਰਹਿ ਮੰਤਰੀ ਨਾਲ ਵਿਚਾਰ ਵਟਾਂਦਰਾ ਕੀਤਾ।
ਦੱਸਣਯੋਗ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਸਾਰੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਸੀ ਅਤੇ ਦੇਸ਼ ਵਿਆਪੀ ਤਾਲਾਬੰਦੀ ਨੂੰ 31 ਮਈ ਤੋਂ ਅੱਗੇ ਵਧਾਉਣ 'ਤੇ ਉਨ੍ਹਾਂ ਦੇ ਵਿਚਾਰ ਮੰਗੇ ਸਨ। ਸੂਤਰਾਂ ਮੁਤਾਬਕ ਮੁੱਖ ਮੰਤਰੀਆਂ ਨਾਲ ਗੱਲਬਾਤ ਦੌਰਾਨ ਸ਼ਾਹ ਨੇ ਉਨ੍ਹਾਂ ਇਲਾਕਿਆਂ ਬਾਰੇ ਜਾਣਕਾਰੀ ਲਈ ਜਿਨ੍ਹਾਂ ਨੂੰ ਸੂਬੇ 1 ਜੂਨ ਤੋਂ ਖੋਲ੍ਹਣਾ ਚਾਹੁੰਦੇ ਹਨ।
ਦੇਸ਼-ਵਿਆਪੀ ਤਾਲਾਬੰਦੀ ਦੀ ਘੋਸ਼ਣਾ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਮਾਰਚ ਨੂੰ 21 ਦਿਨਾਂ ਲਈ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕੀਤੀ ਸੀ। ਇਸ ਨੂੰ ਪਹਿਲਾਂ 3 ਮਈ ਤੱਕ ਅਤੇ ਫਿਰ ਦੁਬਾਰਾ 17 ਮਈ ਤੱਕ ਵਧਾ ਦਿੱਤਾ ਗਿਆ ਸੀ। ਤਾਲਾਬੰਦੀ ਨੂੰ ਤੀਜੀ ਵਾਰ 31 ਮਈ ਤੱਕ ਵਧਾ ਦਿੱਤਾ ਗਿਆ ਸੀ।
ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 4706 ਅਤੇ ਕੋਵਿਡ ਕੇਸਾਂ ਦੀ ਕੁੱਲ ਗਿਣਤੀ 1,65,799 ਹੋ ਗਈ ਹੈ।