ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਮੱਧ ਪ੍ਰਦੇਸ਼ ਦੇ ਰੀਵਾ ਸਥਿਤ ਏਸ਼ੀਆ ਦੇ ਸਭ ਤੋਂ ਵੱਡੇ ਸੋਲਰ ਪਲਾਂਟ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸ ਰਾਹੀਂ ਇਸ ਦੀ ਸ਼ੁਰੂਆਤ ਕੀਤੀ।
ਮੱਧ ਪ੍ਰਦੇਸ਼ ਦੇ ਰੀਵਾ ਵਿੱਚ 750 ਮੈਗਾਵਾਟ ਦਾ ਸੌਰ ਊਰਜਾ ਪ੍ਰਾਜੈਕਟ ਸ਼ੁਰੂ ਹੋਇਆ ਹੈ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਰੀਵਾ ਨੇ ਸੱਚਮੁੱਚ ਇਤਿਹਾਸ ਰਚਿਆ ਹੈ। ਉਨ੍ਹਾਂ ਕਿਹਾ ਕਿ ਸੌਰ ਊਰਜਾ ਸਿਰਫ ਅੱਜ ਹੀ ਨਹੀਂ ਬਲਕਿ 21ਵੀਂ ਸਦੀ ਵਿੱਚ ਵੀ ਊਰਜਾ ਲੋੜਾਂ ਦਾ ਇੱਕ ਮੁੱਖ ਮਾਧਿਅਮ ਬਣਨ ਜਾ ਰਹੀ ਹੈ ਕਿਉਂਕਿ ਸੌਰ ਊਰਜਾ ਸ਼ੁੱਧ ਅਤੇ ਸੁਰੱਖਿਅਤ ਹੈ।
ਪ੍ਰਧਾਨ ਮੰਤਰੀ ਕਿਹਾ ਕਿ ਜਦੋਂ ਇਹ ਸਾਰੇ ਪ੍ਰਾਜੈਕਟ ਤਿਆਰ ਹੋ ਜਾਂਦੇ ਹਨ, ਤਾਂ ਮੱਧ ਪ੍ਰਦੇਸ਼ ਨਿਸ਼ਚਤ ਤੌਰ 'ਤੇ ਸਸਤੀ ਅਤੇ ਸਾਫ਼ ਬਿਜਲੀ ਦਾ ਕੇਂਦਰ ਬਣ ਜਾਵੇਗਾ। ਇਸ ਦਾ ਸਭ ਤੋਂ ਵੱਡਾ ਲਾਭ ਮੱਧ ਪ੍ਰਦੇਸ਼ ਦੇ ਗਰੀਬ, ਮੱਧ ਵਰਗ ਦੇ ਪਰਿਵਾਰਾਂ, ਕਿਸਾਨਾਂ, ਆਦਿਵਾਸੀਆਂ ਨੂੰ ਹੋਵੇਗਾ।
ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਭਾਰਤ ਵਿਕਾਸ ਦੇ ਨਵੇਂ ਸਿਖਰ ਵੱਲ ਵਧ ਰਿਹਾ ਹੈ, ਸਾਡੀਆਂ ਉਮੀਦਾਂ ਵਧਦੀਆਂ ਜਾ ਰਹੀਆਂ ਹਨ, ਉਸੇ ਤਰ੍ਹਾਂ ਸਾਡੀ ਊਰਜਾ, ਬਿਜਲੀ ਦੀਆਂ ਜ਼ਰੂਰਤਾਂ ਵੀ ਵੱਧ ਰਹੀਆਂ ਹਨ। ਅਜਿਹੀ ਸਥਿਤੀ ਵਿਚ ਸਵੈ-ਨਿਰਭਰ ਭਾਰਤ ਲਈ ਬਿਜਲੀ ਦੀ ਸਵੈ-ਨਿਰਭਰਤਾ ਬਹੁਤ ਮਹੱਤਵਪੂਰਨ ਹੈ।
ਪੀਐਮ ਨੇ ਕਿਹਾ ਕਿ ਜਦੋਂ ਅਸੀਂ ਨਵਿਆਉਣਯੋਗ ਊਰਜਾ ਦੇ ਵੱਡੇ ਪ੍ਰਾਜੈਕਟਾਂ ਦੀ ਸ਼ੁਰੂਆਤ ਕਰ ਰਹੇ ਹਾਂ, ਤਾਂ ਅਸੀਂ ਇਹ ਵੀ ਸੁਨਿਸ਼ਚਿਤ ਕਰ ਰਹੇ ਹਾਂ ਕਿ ਸਾਫ਼ ਊਰਜਾ ਪ੍ਰਤੀ ਸਾਡੀ ਦ੍ਰਿੜਤਾ ਜੀਵਨ ਦੇ ਹਰ ਪਹਿਲੂ ਵਿਚ ਦੇਖੀ ਜਾਵੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਦੇ ਲਾਭ ਦੇਸ਼ ਦੇ ਹਰ ਕੋਨੇ, ਸਮਾਜ ਦੇ ਹਰ ਵਰਗ, ਹਰ ਨਾਗਰਿਕ ਤੱਕ ਪਹੁੰਚਣ।
ਉਨ੍ਹਾਂ ਕਿਹਾ ਕਿ ਐਲਈਡੀ ਬੱਲਬ ਨੇ ਬਿਜਲੀ ਦੀ ਖਪਤ ਨੂੰ ਤਕਰੀਬਨ 600 ਬਿਲੀਅਨ ਯੂਨਿਟ ਘਟਾ ਦਿੱਤਾ ਹੈ। ਬਿਜਲੀ ਦੀ ਬਚਤ ਦੇ ਨਾਲ-ਨਾਲ ਲੋਕਾਂ ਨੂੰ ਚੰਗੀ ਰੌਸ਼ਨੀ ਵੀ ਮਿਲ ਰਹੀ ਹੈ। ਨਾਲ ਹੀ ਮੱਧ ਵਰਗ ਨੂੰ ਤਕਰੀਬਨ 24,000 ਕਰੋੜ ਰੁਪਏ ਦੀ ਬਚਤ ਵੀ ਹੋ ਰਹੀ ਹੈ। ਪਿਛਲੇ ਛੇ ਸਾਲਾਂ ਵਿੱਚ ਪੈਨ-ਇੰਡੀਆ ਵਿੱਚ 36 ਕਰੋੜ ਐਲਈਡੀ ਬਲਬ ਵੰਡੇ ਗਏ ਹਨ। ਸਟ੍ਰੀਟ ਲਾਈਟਾਂ ਵਿਚ 10 ਮਿਲੀਅਨ ਤੋਂ ਵੀ ਜ਼ਿਆਦਾ ਐਲਈਡੀ ਬਲਬ ਲਗਾਏ ਗਏ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਗਰੀਬ ਪਰਿਵਾਰਾਂ ਨੂੰ ਨਵੰਬਰ ਤੱਕ ਮੁਫਤ ਰਾਸ਼ਨ ਮਿਲਣਾ ਜਾਰੀ ਰਹੇਗਾ। ਇੰਨਾ ਹੀ ਨਹੀਂ ਸਰਕਾਰ ਨਿੱਜੀ ਖੇਤਰ ਦੇ ਲੱਖਾਂ ਕਰਮਚਾਰੀਆਂ ਦੇ ਈਪੀਐਫ ਖਾਤੇ ਵਿੱਚ ਪੂਰਾ ਯੋਗਦਾਨ ਦੇ ਰਹੀ ਹੈ।