ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਈਕਰੋ-ਬਲੌਗਿੰਗ ਸਾਈਟ ਟਵਿੱਟਰ 'ਤੇ ਇੱਕ ਹੋਰ ਸਫ਼ਲਤਾ ਹਾਸਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਵਿੱਟਰ ਅਕਾਊਂਟ 'ਤੇ ਫੌਲੋਅਰਜ਼ ਦੀ ਗਿਣਤੀ ਵੱਧ ਕੇ 60 ਮਿਲੀਅਨ ਯਾਨੀ 6 ਕਰੋੜ ਹੋ ਗਈ ਹੈ। ਇਸ ਸਮੇਂ ਟਵਿੱਟਰ 'ਤੇ 6 ਕਰੋੜ ਲੋਕ ਪੀਐਮ ਮੋਦੀ ਨੂੰ ਫੌਲੋ ਕਰਦੇ ਹਨ, ਜਦੋਂ ਕਿ ਪੀਐੱਮ ਮੋਦੀ 2354 ਲੋਕਾਂ ਨੂੰ ਫੌਲੋ ਕਰਦੇ ਹਨ।
ਸਿਰਫ਼ ਭਾਰਤ ਹੀ ਨਹੀਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ਵ ਭਰ ਦੇ ਉਨ੍ਹਾਂ ਨੇਤਾਵਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਸਭ ਤੋਂ ਵੱਧ ਫੌਲੋ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਮੋਦੀ ਟਵਿੱਟਰ 'ਤੇ ਦਸਤਕ ਦੇਣ ਵਾਲੇ ਭਾਰਤ ਦੇ ਪਹਿਲੇ ਨੇਤਾਵਾਂ 'ਚੋਂ ਇੱਕ ਹਨ। ਉਨ੍ਹਾਂ ਨੇ ਟਵਿੱਟਰ 'ਤੇ ਸਾਲ 2009 ਵਿੱਚ ਆਪਣਾ ਖਾਤਾ ਬਣਾਇਆ ਸੀ। ਉਸੇ ਸਮੇਂ ਕਾਂਗਰਸੀ ਆਗੂ ਸ਼ਸ਼ੀ ਥਰੂਰ ਵੀ ਟਵਿੱਟਰ 'ਤੇ ਆਏ, ਪਰ ਫੌਲੋਅਰਜ਼ ਦੇ ਮਾਮਲੇ ਵਿੱਚ ਨਰਿੰਦਰ ਮੋਦੀ ਨੇ ਸ਼ਸ਼ੀ ਥਰੂਰ ਨੂੰ ਬਹੁਤ ਪਿੱਛੇ ਛੱਡ ਦਿੱਤਾ।
ਜਨਵਰੀ 2009 ਵਿੱਚ ਟਵਿੱਟਰ ਨਾਲ ਜੁੜਣ ਵਾਲੇ ਨਰਿੰਦਰ ਮੋਦੀ ਦਾ ਹੈਂਡਲ @narendramodi ਹੈ। ਟਵਿੱਟਰ 'ਤੇ ਪੀਐੱਮ ਮੋਦੀ 2,354 ਲੋਕਾਂ ਨੂੰ ਫੌਲੋ ਕਰਦੇ ਹਨ। ਸਤੰਬਰ 2019 ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਪੰਜ ਕਰੋੜ ਫੌਲੋਅਰਜ਼ ਸਨ। ਸਿਰਫ਼ 10 ਮਹੀਨੀਆਂ 'ਚ ਉਨ੍ਹਾਂ ਨੂੰ ਟਵਿੱਟਰ 'ਤੇ 1 ਕਰੋੜ ਲੋਕਾਂ ਨੇ ਫੌਲੋ ਕੀਤਾ।
ਦੱਸਣਯੋਗ ਹੈ ਕਿ ਫੌਲੋਅਰਜ਼ ਦੇ ਹਿਸਾਬ ਨਾਲ ਟਵਿੱਟਰ 'ਤੇ ਇਸ ਸਮੇਂ ਸਭ ਤੋਂ ਵੱਡੀ ਹਸਤੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਹਨ। ਓਬਾਮਾ ਨੂੰ ਪੀਐੱਮ ਮੋਦੀ ਨਾਲੋਂ ਦੁਗਣੇ ਲੋਕ ਫੌਲੋ ਕਰਦੇ ਹਨ। ਇਸ ਸਮੇਂ ਉਨ੍ਹਾਂ ਦੇ ਟਵਿੱਟਰ ਫੌਲੋਅਰਜ਼ ਦੀ ਗਿਣਤੀ 120.7 ਮਿਲੀਅਨ ਹੈ, ਭਾਵ ਉਨ੍ਹਾਂ ਦੇ ਫੌਲੋਅਰਜ਼ ਦੀ ਗਿਣਤੀ 12 ਕਰੋੜ ਤੋਂ ਵੱਧ ਹੈ।
ਇਸ ਤੋਂ ਬਾਅਦ ਆਉਂਦੇ ਹਨ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ। ਉਨ੍ਹਾਂ ਦੇ ਟਵਿੱਟਰ 'ਤੇ 8.3 ਮਿਲੀਅਨ ਤੋਂ ਵੱਧ ਫੌਲੋਅਰਜ਼ ਹਨ ਅਤੇ ਉਹ 46 ਲੋਕਾਂ ਨੂੰ ਫੌਲੋ ਕਰਦੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਣ ਲਈ ਜਾਣੇ ਜਾਂਦੇ ਹਨ। ਉਹ ਟਵਿੱਟਰ ਦੀ ਵਰਤੋਂ ਲੋਕਾਂ ਨਾਲ ਮਹੱਤਵਪੂਰਣ ਜਾਣਕਾਰੀ ਸਾਂਝੀ ਕਰਨ ਲਈ ਕਰਦੇ ਹਨ। ਪੀਐੱਮ ਮੋਦੀ ਦੇ ਜ਼ਿਆਦਾਤਰ ਸੰਬੋਧਨ ਉਨ੍ਹਾਂ ਦੇ ਨਿੱਜੀ ਟਵਿੱਟਰ ਹੈਂਡਲ 'ਤੇ ਲਾਈਵ ਦੇਖੇ ਜਾ ਸਕਦੇ ਹਨ।