ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਦੇ ਦੁਨੀਆ ਭਰ ਵਿੱਚ ਫੈਲਣ ਦੇ ਮੱਦੇਨਜ਼ਰ ਬੈਲਜੀਅਮ ਦਾ ਆਪਣਾ ਦੌਰਾ ਮੁਲਤਵੀ ਕਰ ਦਿੱਤਾ ਹੈ। ਬੈਲਜੀਅਮ ਦੀ ਰਾਜਧਾਨੀ ਬ੍ਰਸੇਲਸ ਤੋਂ ਭਾਰਤ-ਯੂਰਪੀ ਸੰਘ ਸ਼ਿਖਰ ਸੰਮੇਲਨ ਦੀ ਮੇਜ਼ਬਾਨੀ ਕਰਨ ਦੀ ਉਮੀਦ ਕੀਤੀ ਗਈ ਸੀ ਜਿਸ ਦਾ ਉਦੇਸ਼ ਰਣਨੀਤਿਕ ਸਾਂਝੇਦਾਰੀ ਦਾ ਵਿਸਤਾਰ ਕਰਨਾ ਸੀ।
ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਦਿੱਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਦੋਵਾਂ ਧਿਰਾਂ ਵਿੱਚ ਇਸ ਗੱਲ ਉੱਤੇ ਸਹਿਮਤੀ ਬਣੀ ਹੈ ਕਿ ਮੌਜੂਦਾ ਹਾਲਤਾਂ ਵਿੱਚ ਯਾਤਰਾ ਕਰਨਾ ਸਹੀ ਨਹੀਂ ਹੋਵੇਗਾ।
ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਸੰਮੇਲਨ ਮੁਲਤਵੀ ਕਰ ਦਿੱਤਾ ਗਿਆ ਹੈ। ਅਗਲੀ ਤਾਰੀਕ ਦਾ ਫੈਸਲਾ ਦੋਵਾਂ ਧਿਰਾਂ ਵਿਚਾਲੇ ਵਿਚਾਰ-ਚਰਚਾ ਕਰਨ ਤੋਂ ਬਾਅਦ ਹੀ ਕੀਤਾ ਜਾਵੇਗਾ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਭਾਰਤ-ਯੂਰਪੀ ਸੰਮੇਲਨ ਦੇ ਪ੍ਰੋਗਰਾਮ ਵਿੱਚ ਬਦਲਾਅ ਕੀਤਾ ਜਾਵੇਗਾ। ਪਹਿਲਾਂ ਇਹ ਸੰਮੇਲਨ ਇਸੇ ਮਹੀਨੇ ਹੋਣਾ ਸੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਜਿੱਥੋਂ ਤੱਕ ਭਾਰਤ-ਯੂਰਪੀਅਨ ਸੰਮੇਲਨ ਦਾ ਸਬੰਧ ਹੈ, ਜਿਸ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਹਿੱਸਾ ਲੈਣਾ ਸੀ, ਦੋਹਾਂ ਦੇਸ਼ਾਂ ਦੇ ਸਿਹਤ ਅਧਿਕਾਰੀਆਂ ਨੇ ਸੁਝਾਅ ਦਿੱਤਾ ਕਿ ਇਹ ਦੌਰਾ ਇਸ ਵੇਲੇ ਨਹੀਂ ਹੋਣਾ ਚਾਹੀਦਾ। ਇਸ ਲਈ ਇਹ ਫੈਸਲਾ ਲਿਆ ਗਿਆ ਹੈ ਕਿ ਸੰਮੇਲਨ ਨੂੰ ਸੁਵਿਧਾਜਨਕ ਤਾਰੀਕ 'ਤੇ ਹੀ ਮੁੜ ਤੈਅ ਕੀਤਾ ਜਾਵੇਗਾ।
ਰਵੀਸ਼ ਕੁਮਾਰ ਨੇ ਕਿਹਾ ਕਿ ਇਹ ਫੈਸਲਾ ਯੂਰਪੀਅਨ ਯੂਨੀਅਨ ਅਤੇ ਭਾਰਤ ਵਿਚਾਲੇ ਸਹਿਯੋਗ ਦੀ ਭਾਵਨਾ ਵਿਚ ਲਿਆ ਗਿਆ ਹੈ ਜੋ ਇਕੋ ਜਿਹੀ ਚਿੰਤਾ ਅਤੇ ਵਿਸ਼ਵਵਿਆਪੀ ਸਿਹਤ ਪ੍ਰਤੀ ਵਚਨਬੱਧਤਾ ਨੂੰ ਸਾਂਝਾ ਕਰਦੇ ਹਨ ਅਤੇ ਉਮੀਦ ਕਰਦੇ ਹਨ ਕਿ ਇਹ ਮਹਾਮਾਰੀ ਛੇਤੀ ਹੀ ਖ਼ਤਮ ਹੋ ਜਾਵੇਗੀ।