ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 2021 ਦੀਆਂ ਚੋਣਾਂ ਪਿਛਲੀ ਵੋਟਰ ਸੂਚੀ ਦੇ ਨਾਲ ਹੀ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਜਸਟਿਸ ਜਯੰਤ ਨਾਥ ਦੇ ਬੈਂਚ ਨੇ ਦਿੱਲੀ ਸਰਕਾਰ ਨੂੰ ਕਿਹਾ ਹੈ ਕਿ ਇਨ੍ਹਾਂ ਚੋਣਾਂ ਦੇ ਖ਼ਤਮ ਹੁੰਦੇ ਹੀ ਦਿੱਲੀ ਸਰਕਾਰ ਇਹ ਤੈਅ ਕਰੇਗੀ ਕਿ ਅਗਲੀਆਂ ਚੋਣਾਂ ਤੋਂ ਪਹਿਲਾਂ ਨਵੀਂ ਵੋਟਰ ਸੂਚੀ ਬਣ ਕੇ ਤਿਆਰ ਹੋ ਜਾਣੀ ਚਾਹੀਦੀ ਹੈ।
ਅਦਾਲਤ ਨੇ ਕਿਹਾ ਕਿ 29 ਮਾਰਚ 2021 ਤੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋਣਾ ਚਾਹੀਦਾ ਹੈ। ਅਜਿਹੀ ਸਥਿਤੀ ਵਿੱਚ 15 ਮਾਰਚ ਤੱਕ ਚੋਣਾਂ ਖ਼ਤਮ ਹੋਣੀਆਂ ਚਹੀਦੀਆਂ ਹਨ। ਕੋਰਟ ਨੇ ਕਿਹਾ ਕਿ ਜੇਕਰ ਨਵੀਂ ਵੋਟਰ ਸੂਚੀ ਤਿਆਰ ਕੀਤੀ ਜਾਵੇਗੀ ਤਾਂ ਕਰੀਬ 4 ਤੋਂ 5 ਲੱਖ ਸਿੱਖ ਵੋਟਰਾਂ ਨਾਲ ਸਪੰਰਕ ਕਰਨਾ ਹੋਵੇਗਾ ਜਿਸ ਲਈ 10 ਮਹੀਨੇ ਦਾ ਸਮਾਂ ਚਾਹੀਦਾ ਹੈ। ਜਿਸ ਨਾਲ ਚੋਣਾਂ 30 ਮਾਰਚ 2021 ਤੱਕ ਸਮਾਪਤ ਹੋਣੀਆਂ ਸੰਭਵ ਨਹੀਂ ਲੱਗਦੀਆਂ ਹਨ।
ਕੋਰਟ ਨੇ ਪਾਇਆ ਕਿ ਨਵੀਂ ਸੂਚੀ ਬਣਾਉਣ ਦਾ ਕੰਮ ਪੂਰੀ ਰਫ਼ਤਾਰ ਨਾਲ ਚੱਲ ਰਿਹਾ ਹੁੰਦਾ ਜੇਕਰ ਕੋਰੋਨਾ ਦਾ ਸੰਕਟ ਨਾ ਆਇਆ ਹੁੰਦਾ। ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਨਵੀਂ ਵੋਟਰ ਸੂਚੀ ਬਣਾਉਣ ਦੀ ਪੂਰੀ ਪ੍ਰਕਿਰਿਆ ਵਿੱਚ ਦੇਰੀ ਹੋ ਰਹੀ ਹੈ। ਪਹਿਲਾਂ ਇਹ ਤੈਅ ਕੀਤਾ ਗਿਆ ਸੀ ਕਿ 31 ਜਨਵਰੀ 2021 ਤੱਕ ਨਵੀਂ ਵੋਟਰ ਸੂਚੀ ਬਣਾਉਣ ਦਾ ਕੰਮ ਪੂਰਾ ਕਰ ਲਿਆ ਜਾਵੇਗਾ ਪਰ ਇਹ ਸੰਭਵ ਨਹੀਂ ਹੋ ਸਕਿਆ ਹੈ।