ਤਾਮਿਲਨਾਡੂ: ਤਾਮਿਲਨਾਡੂ ਅਤੇ ਪੁਡੂਚੇਰੀ 'ਚ ਚੱਕਰਵਾਤ 'ਨਿਵਾਰ' ਨੇ ਦਸਤਕ ਦੇ ਦਿੱਤੀ ਹੈ। ਕਿਨਾਰੇ 'ਤੇ ਚੱਕਰਵਾਤ ਨਿਵਾਰ ਦੀ ਦਸਤਕ ਤੋਂ ਪਹਿਲਾਂ ਬੁੱਧਵਾਰ ਨੂੰ ਸੰਭਾਵਤ ਖ਼ਤਰੇ ਵਾਲੇ ਇਲਾਕਿਆਂ ਤੋਂ ਇੱਕ ਲੱਖ ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ ਗਿਆ ਸੀ।
ਤਾਮਿਲਨਾਡੂ ਨੇ ਵੀਰਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਅਤੇ ਦੱਖਣੀ ਰੇਲਵੇ ਵੱਲੋਂ ਸੱਤ ਵਿਸ਼ੇਸ਼ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਬੰਗਾਲ ਦੀ ਖਾੜੀ 'ਤੇ ਦੱਖਣ-ਪੱਛਮੀ ਖੇਤਰ 'ਚ ਘੱਟ ਦਬਾਅ ਦੀ ਸਥਿਤੀ ਤੋਂ ਉੱਠੇ ਚੱਕਰਵਾਤ ਦੇ ਬੇਹੱਦ ਗੰਭੀਰ ਚੱਕਰਵਾਤੀ ਤੂਫਾਨ ਦਾ ਰੂਪ ਲੈਂਦੇ ਹੋਏ ਵੀਰਵਾਰ ਸਵੇਰੇ ਤੜਕੇ ਤਾਮਿਲਨਾਡੂ ਅਤੇ ਪੁਡੂਚੇਰੀ ਦੇ ਮੱਲਪੁਰਮ ਅਤੇ ਕਰਾਈਕਲ ਤੱਟ ਤੋਂ ਲੰਘੇਗਾ।
ਐਨ.ਡੀ.ਆਰ.ਐਫ. ਨੇ ਬੁੱਧਵਾਰ ਨੂੰ ਤਾਮਿਲਨਾਡੂ, ਪੁਡੂਚੇਰੀ ਅਤੇ ਆਂਧਰਾ ਪ੍ਰਦੇਸ਼ ਦੇ ਤੱਟਾਂ 'ਤੇ 50 ਟੀਮਾਂ ਤਾਇਨਾਤ ਕੀਤੀਆਂ ਹਨ। ਇਸ ਦੇ ਨਾਲ ਹੀ ਵਿਜੇਵਾੜਾ (ਆਂਧਰਾ ਪ੍ਰਦੇਸ਼), ਕਟਕ (ਉੜੀਸਾ) ਅਤੇ ਤ੍ਰਿਸੂਰ (ਕੇਰਲ) ਵਿੱਚ 20 ਟੀਮਾਂ ਨੂੰ ਸਟੈਂਡਬਾਏ 'ਤੇ ਰੱਖਿਆ ਗਿਆ ਹੈ। ਮੌਸਮ ਵਿਭਾਗ ਦੇ ਮੁਤਾਬਕ, ਤੂਫਾਨ ਦੇ ਦਸਤਕ ਹੋਣ ਤੇ 145 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ।
ਤਾਮਿਲਨਾਡੂ ਦੇ 13 ਜ਼ਿਲ੍ਹਿਆਂ ਵਿੱਚ ਜਨਤਕ ਛੁੱਟੀ
ਤਾਮਿਲਨਾਡੂ ਦੇ ਸੀਐਮ ਪਲਾਨੀਸਵਾਮੀ ਨੇ 13 ਜ਼ਿਲ੍ਹਿਆਂ ਵਿੱਚ ਵੀਰਵਾਰ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਚੇਨਈ, ਵੇਲੌਰ, ਕੁਡਲੌਰ, ਵਿੱਲੂਪੁਰਮ, ਨਾਗਪੱਟਤਿਨਮ, ਤਿਰੂਵਰੂਰ, ਚੇਂਗਲਪੇਟ ਅਤੇ ਕਾਂਚੀਪੁਰਮ ਸ਼ਾਮਲ ਹਨ।
ਤੂਫਾਨ ਨਾਲ ਨਜਿੱਠਣ ਲਈ ਤਿਆਰ: ਨਾਰਾਇਣਸਾਮੀ
ਪੁਡੂਚੇਰੀ ਦੇ ਸੀਐਮ ਵੀ. ਨਰਾਇਣਸਾਮੀ ਨੇ ਬੁੱਧਵਾਰ ਨੂੰ ਤੱਟਵਰਤੀ ਇਲਾਕਿਆਂ ਦਾ ਦੌਰਾ ਕੀਤਾ ਅਤੇ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਅਸੀਂ ਤੂਫਾਨ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਾਂ। ਕੇਂਦਰ ਸ਼ਾਸਤ ਪ੍ਰਦੇਸ਼ ਦੇ ਤੱਟਵਰਤੀ ਇਲਾਕਿਆਂ ਵਿੱਚ ਧਾਰਾ 144 ਲਾਗੂ ਹੈ। ਪੁਲਿਸ ਤਾਇਨਾਤ ਹੈ ਅਤੇ ਸਮੁੰਦਰ ਦੇ ਨੇੜੇ ਲੋਕਾਂ ਦੀ ਆਵਾਜਾਈ ਪੂਰੀ ਤਰ੍ਹਾਂ ਸੀਮਤ ਹੈ।
ਇਸ ਦੇ ਨਾਲ ਹੀ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ ਅਤੇ ਫਸੇ ਲੋਕਾਂ ਦੀ ਮਦਦ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਜਾਣਕਾਰੀ ਲਈ 1070 ਅਤੇ 1077 ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਪੁਡੂਚੇਰੀ ਵਿੱਚ 200 ਰਾਹਤ ਕੈਂਪ ਵੀ ਸਥਾਪਿਤ ਕੀਤੇ ਗਏ ਹਨ ਜਿਥੇ ਲੋਕਾਂ ਨੂੰ ਤੱਟਵਰਤੀ ਇਲਾਕਿਆਂ ਤੋਂ ਲਿਆਂਦਾ ਗਿਆ ਹੈ।
ਅੱਜ ਨਹੀਂ ਹੋਵੇਗੀ UGC NET ਦੀ ਪ੍ਰੀਖਿਆ
ਤਾਮਿਲਨਾਡੂ ਅਤੇ ਪੁਡੂਚੇਰੀ ਵਿੱਚ ਵੀਰਵਾਰ ਨੂੰ ਹੋਣ ਵਾਲੀ ਸੰਯੁਕਤ CSIR-UGC NET 2020 ਦੀ ਪ੍ਰੀਖਿਆ ਨੂੰ ਚੱਕਰਵਾਤੀ ਤੂਫਾਨ ਤੋਂ ਬਚਾਅ ਦੇ ਮੱਦੇਨਜ਼ਰ ਰੱਦ ਕਰ ਦਿੱਤਾ ਗਿਆ ਹੈ। ਰਾਸ਼ਟਰੀ ਜਾਂਚ ਏਜੰਸੀ (ਐਨਟੀਏ) ਦੀ ਸੀਨੀਅਰ ਡਾਇਰੈਕਟਰ ਡਾ. ਸਾਧਨਾ ਪਰਾਸ਼ਰ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੀ ਗਈ ਜਾਣਕਾਰੀ ਦੇ ਮੁਕਾਬਕ, ਪ੍ਰੀਖਿਆ ਦੀ ਅਗਲੀ ਤਰੀਕ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।