ਨਵੀਂ ਦਿੱਲੀ: ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਜੰਮੂ-ਕਸ਼ਮੀਰ ਦੇ ਡੀਐੱਸਪੀ ਦਵਿੰਦਰ ਸਿੰਘ ਤੋਂ ਪੁੱਛਗਿੱਛ ਦੀ ਮਿਆਦ 3 ਅਪ੍ਰੈਲ ਤੱਕ ਵਧਾ ਦਿੱਤੀ ਹੈ। ਦੱਸਣਯੋਗ ਹੈ ਕਿ ਦਵਿੰਦਰ ਸਿੰਘ ਨੂੰ ਹਿਜ਼ਬੁਲ ਮੁਜਾਹੀਦੀਨ ਦੇ 2 ਅੱਤਵਾਦੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ।
ਸਹਿ-ਮੁਲਜ਼ਮਾਂ ਦੇ ਸਾਹਮਣੇ ਬੈਠ ਕੇ ਪੁੱਛਗਿੱਛ ਕਰਨ ਦੀ ਜ਼ਰੂਰਤ
ਸੁਣਵਾਈ ਦੌਰਾਨ ਦਿੱਲੀ ਪੁਲਿਸ ਨੇ ਕਿਹਾ ਕਿ ਦਵਿੰਦਰ ਸਿੰਘ ਨੂੰ ਹੋਰ ਸਹਿ ਮੁਲਜ਼ਮ ਜਾਵੇਦ ਇਕਬਾਲ, ਸਯਦ ਨਾਵੇਦ ਮੁਸ਼ਤਾਕ ਅਤੇ ਇਮਰਾਨ ਸ਼ਫੀ ਮੀਰ ਦੇ ਸਾਹਮਣੇ ਬੈਠ ਕੇ ਪੁੱਛਗਿੱਛ ਕਰਨ ਦੀ ਜ਼ਰੂਰਤ ਹੈ। ਦਿੱਲੀ ਪੁਲਿਸ ਨੇ ਕਿਹਾ ਕਿ ਵੱਡੀ ਸਾਜ਼ਿਸ਼ ਦਾ ਖੁਲਾਸਾ ਕਰਨ ਅਤੇ ਮੁਲਜ਼ਮਾਂ ਦੀ ਭੂਮਿਕਾ ਦੀ ਜਾਂਚ ਲਈ ਪੁੱਛਗਿੱਛ ਜ਼ਰੂਰੀ ਹੈ। ਉਸ ਤੋਂ ਬਾਅਦ ਅਦਾਲਤ ਨੇ ਦਵਿੰਦਰ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ 3 ਅਪ੍ਰੈਲ ਤੱਕ ਪੁੱਛਗਿੱਛ ਕਰਨ ਦੀ ਆਗਿਆ ਦਿੱਤੀ। ਅਦਾਲਤ ਨੇ ਕਿਹਾ ਕਿ ਦਵਿੰਦਰ ਸਿੰਘ ਦੀ ਹਰ 48 ਘੰਟਿਆਂ ਬਾਅਦ ਡਾਕਟਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਦਵਿੰਦਰ ਸਿੰਘ ਨੂੰ ਜਨਵਰੀ 'ਚ ਕੀਤਾ ਗਿਆ ਗ੍ਰਿਫਤਾਰ
ਦਵਿੰਦਰ ਸਿੰਘ ਨੂੰ ਪਿਛਲੀ ਜਨਵਰੀ ਵਿੱਚ ਹਿਜ਼ਬੁਲ ਮੁਜਾਹੀਦੀਨ ਦੇ 2 ਅੱਤਵਾਦੀਆਂ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਦਵਿੰਦਰ ਸਿੰਘ ਨੂੰ ਜੰਮੂ-ਕਸ਼ਮੀਰ ਦੀ ਹੀਰਾ ਨਗਰ ਜੇਲ੍ਹ ਤੋਂ ਦਿੱਲੀ ਪੁੱਛਗਿੱਛ ਲਈ ਲਿਆਂਦਾ ਗਿਆ ਸੀ।
3 ਅਪ੍ਰੈਲ ਤੱਕ ਪੁਲਿਸ ਹਿਰਾਸਤ ਵਿੱਚ ਮੁਸ਼ਤਾਕ
28 ਮਾਰਚ ਨੂੰ ਅਦਾਲਤ ਨੇ ਸ਼ੱਕੀ ਅੱਤਵਾਦੀ ਹਿਜ਼ਬੁਲ ਮੁਜਾਹੀਦੀਨ ਸਯਦ ਨਾਵੇਦ ਮੁਸ਼ਤਾਕ ਨੂੰ 3 ਅਪ੍ਰੈਲ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਸੀ। ਮੁਸ਼ਤਾਕ ਨੂੰ ਦਵਿੰਦਰ ਸਿੰਘ ਦੀ ਗ੍ਰਿਫਤਾਰੀ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
ਦਿੱਲੀ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਮੁਸ਼ਤਾਕ ਅਤੇ ਉਸ ਦੇ ਸਾਥੀ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਅੱਤਵਾਦੀ ਹਮਲੇ ਕਰਨ ਦੀ ਯੋਜਨਾ ਨੂੰ ਅਮਲ ਵਿੱਚ ਲਿਆ ਰਹੇ ਸਨ। ਵਿਸ਼ੇਸ਼ ਸੈੱਲ ਦੇ ਅਨੁਸਾਰ ਮੁਸ਼ਤਾਕ ਸਹਿ-ਮੁਲਜ਼ਮ ਅਤੇ ਅੱਤਵਾਦੀਆਂ ਨਾਲ ਇੰਟਰਨੈਟ ਰਾਹੀਂ ਗੱਲ ਕਰਦਾ ਸੀ। ਉਸਨੇ ਗੱਲਬਾਤ ਲਈ ਡਾਰਕ ਵੈੱਬ ਦੀ ਵਰਤੋਂ ਕੀਤੀ।
ਡੀ ਕੰਪਨੀ ਅਤੇ ਛੋਟਾ ਸ਼ਕੀਲ ਦਾ ਨਾਮ
ਵਿਸ਼ੇਸ਼ ਸੈੱਲ ਨੇ ਅਦਾਲਤ ਨੂੰ ਦੱਸਿਆ ਕਿ ਜਾਂਚ ਵਿੱਚ ਵਿੱਤੀ ਲੈਣ-ਦੇਣ ਦਾ ਪਤਾ ਲਾਉਣਾ ਲਾਜ਼ਮੀ ਹੈ। ਦਿੱਲੀ ਪੁਲਿਸ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਅਨੁਸਾਰ ਜੰਮੂ ਕਸ਼ਮੀਰ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਅੱਤਵਾਦੀ ਡੀ ਕੰਪਨੀ ਅਤੇ ਛੋਟਾ ਸ਼ਕੀਲ ਦੀ ਮਦਦ ਨਾਲ ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਸਪੈਸ਼ਲ ਸੈੱਲ ਨੂੰ ਇਨਪੁੱਟ ਮਿਲੀ ਸੀ ਕਿ ਡੀ ਕੰਪਨੀ ਪੰਜਾਬ ਦੇ ਖਾਲਿਸਤਾਨ ਸਮਰਥਿਤ ਅੱਤਵਾਦੀਆਂ ਨੂੰ ਫੰਡ ਮੁਹੱਈਆ ਕਰਵਾ ਰਹੀ ਹੈ।