ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਭਾਰਤ ਵਿੱਚ 3 ਮਈ ਤੱਕ ਤਾਲਾਬੰਦੀ ਕੀਤੀ ਗਈ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਲਾਬੰਦੀ ਵਧਾਉਣ ਲੱਗੇ ਕਿਹਾ ਸੀ ਕਿ 20 ਅਪ੍ਰੈਲ ਤੱਕ ਜਿਥੇ ਹਾਲਾਤ ਠੀਕ ਨਜ਼ਰ ਆਏ ਉਥੇ ਜ਼ਰੂਰਤ ਅਨੁਸਾਰ ਖੁੱਲ੍ਹ ਦਿੱਤੀ ਜਾਵੇਗੀ। ਇਸੇ ਤਹਿਤ ਸੰਸਦ ਸਕੱਤਰੇਤ ਅੱਜ ਤੋਂ ਮੁੜ ਆਪਣਾ ਕੰਮ ਸ਼ੁਰੂ ਕਰੇਗਾ।
ਇੱਕ ਸਰਕੂਲਰ ਦੇ ਅਨੁਸਾਰ ਸੰਯੁਕਤ ਸੈਕਟਰੀ ਅਤੇ ਇਸ ਤੋਂ ਵੱਧ ਰੈਂਕ ਦੇ ਅਧਿਕਾਰੀ ਸੋਮਵਾਰ ਤੋਂ ਕੰਮ ਕਰਨਾ ਆਰੰਭ ਕਰਨਗੇ ਅਤੇ ਹੋਰ ਅਧਿਕਾਰੀ ਰੋਟੇਸ਼ਨ ਦੇ ਅਧਾਰ 'ਤੇ ਡਿਊਟੀ ਕਰਨਗੇ।
ਕੇਂਦਰ ਵੱਲੋਂ ਭਾਰਤ ਵਿੱਚ ਤਾਲਾਬੰਦੀ ਦੇ ਐਲਾਨ ਤੋਂ ਬਾਅਦ ਸੰਸਦ 24 ਮਾਰਚ ਤੋਂ ਹੀ ਮੁਲਤਵੀ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ: ਕੈਪਟਨ ਨੇ 3 ਤਾਰੀਕ ਤੱਕ ਕਰਫਿਊ 'ਚ ਕੋਈ ਵੀ ਰਾਹਤ ਦੇਣ ਤੋਂ ਕੀਤਾ ਸਾਫ਼ ਇਨਕਾਰ
ਸੋਮਵਾਰ ਤੋਂ ਤਾਲਾਬੰਦੀ ਵਿੱਚ ਢਿੱਲ ਦੇਣ ਤੋਂ ਪਹਿਲਾਂ ਸਿਹਤ ਮੰਤਰਾਲੇ ਨੇ ਦਫ਼ਤਰਾਂ ਵਿੱਚ ਆਉਣ ਵਾਲਿਆਂ ਲਈ ਕੁੱਝ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਅਤੇ ਸਾਵਧਾਨੀ ਦੇ ਉਪਾਅ ਕਰਨ ਦੀ ਸਲਾਹ ਦਿੱਤੀ ਹੈ। ਇਸ ਵਿੱਚ ਸਮਾਜਿਕ ਦੂਰੀ ਅਤੇ ਸਿਰਫ਼ ਵੀਡੀਓ ਕਾਨਫਰੰਸਿੰਗ ਨਾਲ ਮੁਲਾਕਾਤ ਸ਼ਾਮਲ ਹੈ।
ਮੰਤਰਾਲੇ ਨੇ ਨਿਰਦੇਸ਼ ਦਿੱਤਾ ਹੈ ਕਿ ਜੇਕਰ ਕਿਸੇ ਵਿਅਕਤੀ ਵਿੱਚ ਕੋਰੋਨਾ ਵਾਇਰਸ ਦਾ ਕੋਈ ਵੀ ਲੱਛਣ ਵੇਖਿਆ ਜਾਂਦਾ ਹੈ ਤਾਂ ਉਸ ਨੂੰ ਤੁਰੰਤ ਛੁੱਟੀ ਦੇ ਕੇ ਕੰਮ ਵਾਲੀ ਥਾਂ ਛੱਡ ਦੇਣੀ ਚਾਹੀਦਾ ਹੈ ਅਤੇ ਘਰ ਵਿੱਚ ਆਪਣੇ ਆਪ ਨੂੰ ਕੁਆਰੰਟਾਈਨ ਕਰ ਲੈਣਾ ਚਾਹੀਦਾ ਹੈ।