ਚੰਡੀਗੜ੍ਹ: ਪਾਕਿਸਤਾਨ 'ਚ ਸਿੱਖ ਕੁੜੀ ਦਾ ਜਬਰਨ ਧਰਮ ਪਰਿਵਰਤਨ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ 19 ਸਾਲਾ ਸਿੱਖ ਕੁੜੀ ਗੁਰਦੁਆਰਾ ਤੰਬੂ ਸਾਹਿਬ ਦੇ ਹੈੱਡ ਗ੍ਰੰਥੀ ਭਗਵਾਨ ਸਿੰਘ ਦੀ ਹੈ। ਪਰਿਵਾਰ ਅਤੇ ਸਿੱਖ ਭਾਈਚਾਰੇ ਨੇ ਦੋਸ਼ ਲਾਏ ਹਨ ਕਿ ਮੁਸਲਿਮ ਨੌਜਵਾਨਾ ਨੇ ਬੰਦੂਕ ਦੀ ਨੋਕ 'ਤੇ ਸਿੱਖ ਕੁੜੀ ਦਾ ਜਬਰਨ ਧਰਮ ਪਰਿਵਰਤਵ ਕਰਵਾ ਕੇ ਉਸ ਨਾਲ ਜਬਰਨ ਨਿਕਾਹ ਕੀਤਾ ਹੈ।
ਪਰਿਵਾਰ ਅਤੇ ਸਿੱਖ ਭਾਈਚਾਰੇ ਨੇ ਪੁਲਿਸ ਦੋਸ਼ ਲਗਾਉਂਦੇ ਹੋਇਆ ਕਿਹਾ ਕਿ ਸ਼ਿਕਾਇਤ ਦਰਜ ਕਰਾਏ ਜਾਣ ਦੇ ਬਾਵਜੂਦ ਦੋਸ਼ੀਆਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਇਹ ਘਟਨਾ 27 ਅਗਸਤ ਦੀ ਹੈ, ਦੇਰ ਰਾਤ ਕੁਝ ਲੋਕ ਹੈੱਡ ਗ੍ਰੰਥੀ ਭਗਵਾਨ ਸਿੰਘ ਦੇ ਘਰ ਦਾਖਲ ਹੋਏ ਅਤੇ ਬੰਦੂਕ ਦੀ ਨੋਕ 'ਤੇ ਜਬਰਨ ਕੁੜੀ ਨੂੰ ਆਪਣੇ ਨਾਲ ਲੈ ਗਏ।
ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ 'ਚ ਮਾਮਲਾ ਦਰਜ ਕਰਵਾਉਣ ਤੋਂ ਬਾਅਦ ਲਗਾਤਾਰ ਮੁਲਜ਼ਮਾਂ ਵੱਲੋਂ ਉਨ੍ਹਾਂ ਨੂੰ ਕੇਸ ਵਾਪਸ ਲੈਣ ਲਈ ਧਮਕੀਆਂ ਮਿਲ ਰਹੀਆਂ ਹਨ। ਦੂਜੇ ਪਾਸੇ ਇਸ ਘਟਨਾ ਦੇ ਇੱਕ ਦਿਨ ਬਾਅਦ ਹੀ ਸਿੱਖ ਕੁੜੀ ਅਤੇ ਇੱਕ ਮੁਸਲਿਮ ਨੌਜਵਾਨ ਦੀ ਵੀਡੀਓ ਵਾਇਰਲ ਹੋਈ ਹੈ, ਜਿਸ 'ਚ ਇਹ ਦਾਅਵਾ ਕੀਤਾ ਗਿਆ ਕਿ ਉਸ ਲੜਕੀ ਨੇ ਆਪਣਾ ਧਰਮ ਬਦਲ ਕੇ ਮੁਸਲਿਮ ਲੜਕੇ ਨਾਲ ਨਿਕਾਹ ਕੀਤਾ ਹੈ। ਇਸ ਮਾਮਲੇ ਨੂੰ ਲੈ ਕੇ ਸਿੱਖਾ 'ਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ।
ਕੁੜੀ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਇਨ੍ਹਾਂ ਵੀਡਿਓ 'ਚ ਕੁੜੀ ਤੋਂ ਦਬਾ ਪਾ ਕੇ ਇਹ ਸਭ ਬੁਲਾਇਆ ਗਿਆ ਹੈ। ਕੁੜੀ ਦੇ ਭਰਾ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅਪੀਲ ਕੀਤੀ ਗਈ ਹੈ ਕਿ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਮਾਮਲੇ 'ਚ ਫੌਰਾ ਕਾਰਵਾਈ ਕਰੇ। ਉਥੇ ਦੇ ਸਿੱਖਾਂ ਵਾਸਤੇ ਸਰਕਾਰ ਨੂੰ ਚਿੰਤਾ ਕਰਨ ਦੀ ਲੋੜ ਹੈ। ਇਸ ਮੌਕੇ ਦਿੱਲੀ ਗੁਰਦੁਆਰਾ ਸਿੱਖ ਮੈਨੇਜਮੇਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਕਿਹਾ, "ਅਸੀਂ ਦੁਨੀਂਆ ਭਰ 'ਚ ਜਿਥੇ ਵੀ ਕਿਸੇ ਸਿੱਖ ਵਸਦੇ ਹਨ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਕੰਮ ਕਰਦੇ ਆ ਰਹੇ ਹਾਂ ਤੇ ਇੰਝ ਹੀ ਕਰਦੇ ਰਹਾਂਗੇ"।