ਚੰਡੀਗੜ੍ਹ : ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਪੈਦਾ ਹੋਈ ਤਣਾਅ ਦੀ ਸਥਿਤੀ ਨੂੰ ਠੀਕ ਕਰਨ ਲਈ ਚੰਗਿਆਈ ਵਜੋਂ ਪਾਕਿਸਤਾਨ ਨੇ ਦੂਜੇ ਗੇੜ ਵਿੱਚ 100 ਹੋਰ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਹੈ। ਪਾਕਿਸਤਾਨ ਵੱਲੋਂ ਇਸ ਮਹੀਨੇ 4 ਗੇੜਾਂ ਵਿੱਚ ਲਗਭਗ 360 ਭਾਰਤੀ ਕੈਦੀਆਂ ਨੂੰ ਰਿਹਾਅ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ।
ਦੂਜੇ ਗੋੜ ਵਿੱਚ ਰਿਹਾਅ ਕੀਤੇ ਗਏ ਇਨ੍ਹਾਂ ਕੈਦੀਆਂ ਨੂੰ ਰੇਲਗੱਡੀ ਰਾਹੀਂ ਪਹਿਲਾਂ ਲਾਹੌਰ ਲਿਆਂਦਾ ਗਿਆ। ਉਥੋਂ ਅਟਾਰੀ-ਵਾਘਾ ਸਰਹੱਦ ਤੋਂ ਅੱਜ ਇਨ੍ਹਾਂ ਮਛੇਰਿਆਂ ਨੂੰ ਭਾਰਤੀ ਪ੍ਰਸ਼ਾਸਨ ਦੇ ਹਵਾਲੇ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਇਨ੍ਹਾਂ ਮਛੇਰਿਆਂ ਨੂੰ ਵੱਖੋ ਵੱਖਰੀਆਂ ਮੁਹਿੰਮਾਂ ਤਹਿਤ ਪਾਕਿਸਤਾਨ ਦੇ ਜਲ ਖ਼ੇਤਰ 'ਚ ਗੈਰਕਾਨੂੰਨੀ ਢੰਗ ਨਾਲ ਮੱਛੀਆਂ ਫੜ੍ਹਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾ ਪਾਕਿਸਤਾਨ ਨੇ ਪਹਿਲੇ ਪੜਾਅ 'ਚ 7 ਅਪ੍ਰੈਲ ਨੂੰ 100 ਮਛੇਰਿਆਂ ਨੂੰ ਰਿਹਾਅ ਕੀਤਾ ਸੀ। 22 ਅਪ੍ਰੈਲ ਨੂੰ ਵੀ ਹੋਰਨਾਂ 100 ਮਛੇਰਿਆਂ ਨੂੰ ਪਾਕਿਸਤਾਨ ਸਰਕਾਰ ਵੱਲੋਂ ਰਿਹਾਈ ਦੇ ਦਿੱਤੀ ਜਾਵੇਗੀ। ਜਦਕਿ 29 ਅਪ੍ਰੈਲ ਨੂੰ ਵੀ ਆਖ਼ਰੀ ਗੇੜ 'ਚ 55 ਮਛੇਰਿਆਂ ਅਤੇ 5 ਹੋਰ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ।