ਚੰਡੀਗੜ੍ਹ: ਪੰਜਾਬ ਇਸ ਵੇਲ਼ੇ ਬਲਦੀ ਅੱਗ ਅਤੇ ਜ਼ਹਿਰੀਲੇ ਧੂੰਏ ਦੀ ਮਾਰ ਹੇਠ ਆ ਗਿਆ ਹੈ। ਰਾਜਧਾਨੀ ਵੱਲੋਂ ਕਿਹਾ ਜਾਂਦਾ ਹੈ ਕਿ ਪੰਜਾਬ ਵਿੱਚ ਸਾੜੀ ਗਈ ਪਰਾਲੀ ਕਰ ਕੇ ਦਿੱਲੀ ਦਾ ਦਮ ਘੁੱਟ ਰਿਹਾ ਹੈ। ਦੇਸ਼ ਵਿੱਚ ਬਣੇ ਜ਼ਹਿਰੀਲੇ ਹਲਾਤਾਂ ਵਿੱਚ ਲਹਿੰਦਾ ਪੰਜਾਬ ਵੀ ਹਵਾ ਦੂਸ਼ਿਤ ਕਰਨ ਵਿੱਚ ਆਪਣੀ ਬਾਖ਼ੂਬੀ ਭੂਮਿਕਾ ਨਿਭਾ ਰਿਹਾ ਹੈ।
ਕੌਮਾਂਤਰੀ ਸਰਹੱਦ ਨਾਲ਼ ਲੱਗਦੇ ਲਹਿੰਦੇ ਪੰਜਾਬ ਦੇ ਕੁਝ ਪਿੰਡਾਂ ਨੇ ਝੋਨੇ ਦੀ ਨਾੜ ਨੂੰ ਅੱਗ ਲਾ ਦਿੱਤੀ ਗਈ ਹੈ ਜਿਸ ਕਰਕੇ ਧੂੰਆ ਸਹਰੱਦੋਂ ਇਸ ਪਾਰ ਫਾਜ਼ਿਲਕਾ ਦੇ ਪਿੰਡਾਂ ਵਿੱਚ ਆ ਵੜਿਆ ਹੈ ਜਿਸ ਨਾਲ਼ ਇਲਾਕੇ ਦੇ ਪਿੰਡਾਂ ਵਿੱਚ ਧੂੰਏ ਦਾ ਗੁਬਾਰ ਜਿਹਾ ਬਣ ਗਿਆ ਹੈ। ਪਾਕਿਸਤਾਨ ਵਿੱਚ ਝੋਨਾ ਚੜ੍ਹਦੇ ਪੰਜਾਬ ਨਾਲ਼ੋਂ ਅਗੇਤਾ ਲਗਦਾ ਹੈ ਇਸ ਲਈ ਉਨ੍ਹਾਂ ਨੇ ਝੋਨੇ ਦੀ ਪਰਾਲੀ ਨੂੰ ਸਾੜਨਾ ਸ਼ੁਰੂ ਕਰ ਦਿੱਤਾ ਹੈ।
ਪੰਜਾਬ ਰਿਮੋਟ ਸੈਨਸਿੰਗ ਸੈਂਟਰ ਵੱਲੋਂ ਆਈ ਸੈਟੇਲਾਇਟ ਰਿਪੋਰਟ ਮੁਤਾਬਕ ਲਾਹੌਰ, ਬਸ਼ਿਆਰਪੁਰ, ਹਵਾਲੀ, ਲੱਖਾ ਅਤੇ ਬਹਾਵਲਪੁਰ ਪੱਟੀ ਦੇ ਖੇਤਾਂ ਵਿੱਚ ਝੋਨੇ ਦੀ ਨਾੜ ਨੂੰ ਅੱਗ ਲਾਉਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਦਾ ਧੂੰਆਂ ਸਰਹੱਦੀ ਇਲਾਕਿਆਂ ਨੂੰ ਮਾਰ ਕਰ ਰਿਹਾ ਹੈ।
ਬੇਸ਼ੱਕ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਝੋਨੇ ਦੀ ਵਾਢੀ ਸ਼ੁਰੂ ਹੋ ਗਈ ਹੈ ਅਤੇ ਕਈ ਕਿਸਾਨਾਂ ਨੇ ਤਾਂ ਝੋਨੇ ਨੂੰ ਵੀ ਅੱਗ ਲਾਉਣੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਸਰਹੱਦੀ ਇਲਾਕੇ ਫਾਜ਼ਿਲਕਾ ਵਿੱਚ ਜ਼ਿਆਦਾਤਰ ਬਾਸਮਤੀ ਝੋਨੇ ਦੀ ਪੈਦਾਵਰ ਹੁੰਦੀ ਹੈ ਜਿਸ ਦੀ ਵਾਢੀ ਨੂੰ ਅਜੇ 10 ਕੁ ਦਿਨ ਹੋਰ ਲੱਗ ਸਕਦੇ ਹਨ ਪਰ ਇਹ ਇਲਾਕਾ ਪਹਿਲਾਂ ਹੀ ਧੂੰਏ ਦੇ ਬੱਦਲਾਂ ਹੇਠ ਆ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਜੇ ਫਿਰ ਵੀ ਅੱਗ ਲਾਉਂਦਾ ਹੈ ਤਾਂ ਉਸ ਤੇ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਂਦੀ ਹੈ। ਇਸ ਵਰ੍ਹੇ ਪੰਜਾਬ ਸਰਕਾਰ ਨੇ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ ਹੈ ਪਰ ਇਹ ਅੱਗ ਬੇਰੋਕ ਲੱਗ ਰਹੀ ਹੈ।