ਨਵੀਂ ਦਿੱਲੀ: ਏਆਈਐਮਆਈਐਮ ਮੁਖੀ ਅਸਾਦੁਦੀਨ ਓਵੈਸੀ ਨੇ ਬੁੱਧਵਾਰ ਨੂੰ ਸ਼ਾਹੀਨ ਬਾਗ ਵਿੱਚ ਹੋ ਰਹੇ ਪ੍ਰਦਰਸ਼ਨ ਨੂੰ ਖ਼ਤਮ ਕਰਨ ਲਈ ਸਰਕਾਰ ਵੱਲੋਂ ਤਾਕਤ ਦੀ ਵਰਤੋਂ ਕਰਨ ਦਾ ਖ਼ਦਸ਼ਾ ਜਾਹਿਰ ਕੀਤਾ ਹੈ।
ਸ਼ਾਹੀਨ ਬਾਗ ਵਿੱਚ ਸੀਏਏ ਵਿਰੁੱਧ ਪਿਛਲੇ 50 ਦਿਨਾਂ ਤੋਂ ਪ੍ਰਦਰਸ਼ਨ ਹੋ ਰਿਹਾ ਹੈ। ਉੱਥੇ ਹੀ ਜਦੋਂ ਓਵੈਸੀ ਤੋਂ ਪੁੱਛਿਆ ਕਿ ਕੀ ਅਜਿਹਾ ਲੱਗਦਾ ਹੈ 8 ਫਰਵਰੀ ਤੋਂ ਬਾਅਦ ਸਰਕਾਰ ਸ਼ਾਹੀਨ ਬਾਗ ਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾ ਦੇਵੇਗੀ ਤਾਂ ਜਵਾਬ ਵਿੱਚ ਓਵੈਸੀ ਨੇ ਕਿਹਾ ਕਿ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਜਾਵੇ। ਉਹ ਸ਼ਾਹੀਨ ਬਾਗ ਨੂੰ ਜਲਿਆਂਵਾਲਾ ਬਾਗ ਵੀ ਬਣਾ ਸਕਦੇ ਹਨ। ਇਦਾਂ ਹੋ ਸਕਦਾ ਹੈ।
ਭਾਜਪਾ ਦੇ ਮੰਤਰੀਆਂ ਨੇ ਗੋਲੀ ਮਾਰਨ ਵਾਲੇ ਬਿਆਨ ਦਿੱਤੇ ਹਨ। ਸਰਕਾਰ ਨੂੰ ਜਵਾਬ ਦੇਣਾ ਪਵੇਗਾ ਕਿ ਕੱਟੜਪੰਥੀ ਕੌਣ ਹੈ। ਐਨਪੀਆਰ ਅਤੇ ਐਨਆਰਸੀ ਦੇ ਸਵਾਲ 'ਤੇ ਓਵੈਸੀ ਨੇ ਕਿਹਾ, "ਸਰਕਾਰ ਨੂੰ ਸਪੱਸ਼ਟ ਦੱਸਣਾ ਹੋਵੇਗਾ ਕੀ 2024 ਤੱਕ ਐਨਆਰਸੀ ਲਾਗੂ ਨਹੀਂ ਕੀਤੀ ਜਾਵੇਗੀ। ਐਨਪੀਆਰ 'ਤੇ 3900 ਕਰੋੜ ਕਿਉਂ ਖ਼ਰਚ ਰਹੇ ਹੋ? ਮੈਂ ਇਸ ਤਰ੍ਹਾਂ ਇਸ ਲਈ ਸੋਚਦਾ ਹਾਂ ਕਿਉਂਕਿ ਮੈਂ ਇਤਿਹਾਸ ਦਾ ਵਿਦਿਆਰਥੀ ਰਿਹਾ ਹਾਂ। ਹਿਟਲਰ ਨੇ ਆਪਣੇ ਰਾਜ ਦੌਰਾਨ 2 ਵਾਰ ਮਰਦਮਸ਼ੁਮਾਰੀ ਕੀਤੀ ਤੇ ਉਸ ਤੋਂ ਬਾਅਦ ਯਹੂਦੀਆਂ ਨੂੰ ਗੈਸ ਚੈਂਬਰ ਵਿਚ ਪਾ ਦਿੱਤਾ। ਮੈਂ ਨਹੀਂ ਚਾਹੁੰਦਾ ਕਿ ਸਾਡੇ ਦੇਸ਼ ਵਿੱਚ ਵੀ ਅਜਿਹਾ ਹੋਵੇ।"
ਸ਼ਾਹੀਨ ਬਾਗ ਤੇ ਜਾਮੀਆ ਇਲਾਕੇ ਵਿੱਚ ਤਿੰਨ ਵਾਰ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਦੇ ਨਾਲ ਹੀ, ਦਿੱਲੀ ਪੁਲਿਸ ਦੇ ਡੀਸੀਪੀ ਰਾਜੇਸ਼ ਦੇਵ ਦੇ ਖ਼ਿਲਾਫ਼ ਸਖ਼ਤ ਨੋਟਿਸ ਲੈਂਦਿਆਂ ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਬਿਆਨ ‘ਪੂਰੀ ਤਰ੍ਹਾਂ ਗ਼ੈਰ-ਕਾਨੂੰਨੀ’ ਹੈ। ਕਮਿਸ਼ਨ ਨੇ ਉਸ ਨੂੰ ਚੋਣ ਦਿਆਂ ਕੰਮਾਂ ਤੋਂ ਰੋਕ ਦਿੱਤਾ ਹੈ। ਜ਼ਿਕਰਯੋਗ ਹੈ ਕਿ ਦੇਵ ਨੇ ਮੀਡੀਆ ਨਾਲ ਜਾਂਚ ਦਾ ਵੇਰਵਾ ਸਾਂਝਾ ਕੀਤਾ ਸੀ, ਜਿਸ ਵਿਚ ਸ਼ਾਹੀਨ ਬਾਗ ਵਿੱਚ ਗੋਲੀਬਾਰੀ ਕਰਨ ਵਾਲੇ ਦੇ ਆਮ ਆਦਮੀ ਪਾਰਟੀ ਨਾਲ ਸਬੰਧ ਹੋਣ ਬਾਰੇ ਦੱਸਿਆ ਗਿਆ ਸੀ।
ਚੋਣ ਕਮਿਸ਼ਨ ਨੇ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਭੇਜੇ ਇੱਕ ਪੱਤਰ ਵਿੱਚ ਕਿਹਾ ਹੈ ਕਿ ਦੇਵ ਦਾ ਇਹ ਕਦਮ ਪੂਰੀ ਤਰ੍ਹਾਂ ਨਾਲ ਅਣਚਾਹਿਆ ਸੀ ਤੇ ਉਸ ਦੇ ਵਿਵਹਾਰ ਦਾ ‘ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ’ਤੇ ਅਸਰ ਪਵੇਗਾ। ਦੇਵ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਸ਼ਾਹੀਨ ਬਾਗ ਵਿੱਚ ਸ਼ਨੀਵਾਰ ਨੂੰ ਗੋਲੀਬਾਰੀ ਕਰਨ ਵਾਲੇ ਕਪਿਲ ਬੈਸਲਾ ‘ਆਪ’ ਦੇ ਮੈਂਬਰ ਹਨ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪੁਲਿਸ ਅਧਿਕਾਰੀ ਖ਼ਿਲਾਫ਼ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ। ਕਮਿਸ਼ਨ ਨੇ ਦਿੱਲੀ ਪੁਲਿਸ ਨੂੰ ਵੀਰਵਾਰ ਸ਼ਾਮ 6 ਵਜੇ ਤੱਕ ਅਨੁਪਾਲਣ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।