ਨਵੀਂ ਦਿੱਲੀ: ਕਰਮਚਾਰੀ ਰਾਜ ਬੀਮਾ ਨਿਗਮ (ਈਐਸਆਈਸੀ) ਨੇ ਬੇਰੁਜ਼ਗਾਰੀ ਦੇ ਲਾਭ ਦਾ ਦਾਅਵਾ ਕਰਨ ਦੇ ਲਈ ਸ਼ਰਤਾਂ ਵਿੱਚ ਢਿੱਲ ਦਿੱਤੀ ਹੈ। ਦਾਅਵੇਦਾਰਾਂ ਨੂੰ ਹੁਣ ਇਸ ਲਈ ਹਲਫੀਆ ਬਿਆਨ ਦਾਖਲ ਕਰਨ ਦੀ ਜ਼ਰੂਰਤ ਨਹੀਂ ਹੈ।
ਕਿਰਤ ਮੰਤਰਾਲੇ ਨੇ 1 ਬਿਆਨ ਵਿੱਚ ਕਿਹਾ ਕਿ ਈਐਸਆਈਸੀ ਦੀ ਅਟਲ ਬੀਮਾ ਵਿਅਕਤੀ ਭਲਾਈ ਯੋਜਨਾ (ਏਬੀਵੀਕੇਵਾਈ) ਦੇ ਤਹਿਤ ਹਲਫਨਾਮੇ ਦੇ ਰਾਹੀਂ ਦਾਅਵਾ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।
ਇਹ ਦਾਅਵੇ ਲੋੜੀਂਦੇ ਦਸਤਾਵੇਜ਼ਾਂ ਦੀਆਂ ਸਕੈਨ ਕੀਤੀਆਂ ਕਾੱਪੀਆਂ ਦੇ ਨਾਲ ਆਨਲਾਈਨ ਦਾਖ਼ਲ ਕੀਤੇ ਜਾ ਸਕਦੇ ਹਨ। ਈਐਸਆਈਸੀ ਨੇ 20 ਅਗਸਤ 2020 ਨੂੰ ਹੋਈ ਆਪਣੀ ਬੈਠਕ ਵਿੱਚ ਅਟਲ ਬੀਮਾ ਵਿਅਕਤੀ ਭਲਾਈ ਯੋਜਨਾ ਨੂੰ 1 ਜੁਲਾਈ 2020 ਤੋਂ ਵਧਾ ਕੇ 30 ਜੂਨ 2021 ਕਰ ਦਿੱਤਾ ਸੀ।
ਇਸ ਯੋਜਨਾ ਦੇ ਤਹਿਤ ਦਿੱਤੀ ਗਈ ਰਾਹਤ ਦਰ ਨੂੰ ਔਸਤਨ ਰੋਜ਼ਾਨਾ ਆਮਦਨੀ ਦੇ 25 ਪ੍ਰਤੀਸ਼ਤ ਤੋਂ ਵਧਾ ਕੇ 50 ਪ੍ਰਤੀਸ਼ਤ ਕਰਨ ਦਾ ਵੀ ਫੈਸਲਾ ਲਿਆ ਗਿਆ। ਨਾਲ ਹੀ, ਯੋਗਤਾ ਦੀਆਂ ਸ਼ਰਤਾਂ ਨੂੰ ਵੀ 24 ਮਾਰਚ 2020 ਤੋਂ 31 ਦਸੰਬਰ 2020 ਤੱਕ ਦੀ ਮਿਆਦ ਦਿੱਤੀ ਗਈ ਸੀ। ਸਰਕਾਰ ਨੇ ਕੋਰੋਨਾ ਮਹਾਂਮਾਰੀ ਦੌਰਾਨ ਬੇਰੁਜ਼ਗਾਰ ਮਜ਼ਦੂਰਾਂ ਨੂੰ ਰਾਹਤ ਪ੍ਰਦਾਨ ਕਰਨ ਦੇ ਲਈ ਇਹ ਫੈਸਲਾ ਲਿਆ ਹੈ।