ਨਵੀਂ ਦਿੱਲੀ: ਗੰਗਾ ਰਾਮ ਹਸਪਤਾਲ ਖਿਲਾਫ਼ ਐੱਫਆਈਆਰ ਰੱਦ ਕਰਨ ਲਈ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਦਿੱਲੀ ਹਾਈ ਕੋਰਟ ਨੇ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਜਸਟਿਸ ਡੀਐਨ ਪਟੇਲ ਦੀ ਅਗਵਾਈ ਵਾਲੇ ਬੈਂਚ ਨੇ ਦਿੱਲੀ ਸਰਕਾਰ ਨੂੰ 4 ਹਫ਼ਤਿਆਂ ਵਿੱਚ ਆਪਣਾ ਜਵਾਬ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਮਾਮਲੇ ਦੀ ਅਗਲੀ ਸੁਣਵਾਈ 11 ਅਗਸਤ ਨੂੰ ਹੋਵੇਗੀ।
ਜਾਂਚ 'ਤੇ ਰੋਕ ਦੇ ਮੁੱਦੇ 'ਤੇ ਸੁਣਵਾਈ 16 ਜੂਨ ਨੂੰ
ਹਾਈ ਕੋਰਟ ਵੱਲੋਂ ਐੱਫਆਈਆਰ ਦੇ ਮਾਮਲੇ 'ਤੇ 16 ਜੂਨ ਨੂੰ ਜਾਂਚ ਸੰਬੰਧੀ ਹਸਪਤਾਲ ਦੀ ਪਟੀਸ਼ਨ 'ਤੇ ਸੁਣਵਾਈ ਹੋਵੇਗੀ। ਸੁਣਵਾਈ ਦੌਰਾਨ ਗੰਗਾਰਾਮ ਹਸਪਤਾਲ ਵੱਲੋਂ ਐੱਫਆਈਆਰ ਦੀ ਜਾਂਚ ਬੰਦ ਕਰਨ ਦੀ ਮੰਗ ਕੀਤੀ ਗਈ ਸੀ। ਦਿੱਲੀ ਸਰਕਾਰ ਨੇ ਇਸ ‘ਤੇ ਦਲੀਲਾਂ ਦੇਣ ਲਈ ਸਮਾਂ ਮੰਗਿਆ, ਜਿਸ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ 'ਤੇ ਦੋਵਾਂ ਧਿਰਾਂ ਦੀਆਂ ਦਲੀਲਾਂ ਦੀ ਸੁਣਵਾਈ 16 ਜੂਨ ਨੂੰ ਕਰਨ ਦੇ ਆਦੇਸ਼ ਦਿੱਤੇ। ਕੋਰੋਨਾ ਮਾਮਲੇ ਵਿੱਚ ਲਾਪਰਵਾਹੀ ਦੇ ਦੋਸ਼ 'ਚ ਹਸਪਤਾਲ ਖ਼ਿਲਾਫ਼ ਦਿੱਲੀ ਸਰਕਾਰ ਦੇ ਆਦੇਸ਼ ’ਤੇ ਐਫਆਈਆਰ 3 ਜੂਨ ਨੂੰ ਦਰਜ ਕੀਤੀ ਗਈ ਸੀ। ਦਿੱਲੀ ਸਰਕਾਰ ਨੇ ਮਹਾਂਮਾਰੀ ਰੋਗ ਐਕਟ ਦੀ ਉਲੰਘਣਾ ਕਰਨ ਲਈ ਗੰਗਾ ਰਾਮ ਹਸਪਤਾਲ ਖ਼ਿਲਾਫ਼ ਐਫਆਈਆਰ ਦਰਜ ਕਰਨ ਦੇ ਆਦੇਸ਼ ਦਿੱਤੇ ਹਨ। ਕੋਰੋਨਾ 'ਤੇ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ 'ਤੇ ਹਸਪਤਾਲ ਵਿਰੁੱਧ ਧਾਰਾ 188 ਦੇ ਤਹਿਤ ਐੱਫਆਈਆਰ ਦਰਜ ਕੀਤੀ ਗਈ।
ਟੈਸਟਿੰਗ ਐਪ ਦੀ ਵਰਤੋਂ ਨਾ ਕਰਨ ਦਾ ਦੋਸ਼
ਹਸਪਤਾਲ 'ਤੇ ਕੋਰੋਨਾ ਦੇ ਟੈਸਟਿੰਗ ਐਪ ਦੀ ਵਰਤੋਂ ਨਾ ਕਰਨ ਦਾ ਦੋਸ਼ ਹੈ। ਐੱਫਆਈਆਰ 'ਚ ਕਿਹਾ ਗਿਆ ਹੈ ਕਿ ਹਸਪਤਾਲਾਂ ਲਈ ਸਿਹਤ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨਾ ਅਤੇ ਆਰਟੀ ਪੀਸੀਆਰ ਐਪ ਰਾਹੀਂ ਨਮੂਨੇ ਇਕੱਠੇ ਕਰਨਾ ਲਾਜ਼ਮੀ ਸੀ। ਗੰਗਾ ਰਾਮ ਹਸਪਤਾਲ ਨੇ ਨਮੂਨੇ ਇਕੱਠੇ ਕਰਨ ਲਈ ਆਰਟੀ ਪੀਸੀਆਰ ਐਪ ਦੀ ਵਰਤੋਂ ਨਹੀਂ ਕੀਤੀ। ਹਸਪਤਾਲ ‘ਤੇ ਦੋਸ਼ ਹੈ ਕਿ ਉਹ ਲੋਕਾਂ ਨੂੰ ਆਪਣੀ ਸਮਰੱਥਾ ਅਨੁਸਾਰ ਸਹੂਲਤਾਂ ਨਹੀਂ ਦੇ ਰਿਹਾ। ਹਸਪਤਾਲ 'ਤੇ ਦੋਸ਼ ਹੈ ਕਿ ਉਹ ਕੋਰੋਨਾ ਦੇ ਮਰੀਜ਼ਾਂ ਨੂੰ ਦਾਖ਼ਲ ਨਹੀਂ ਕਰਦਾ ਤੇ ਬੈੱਡਾਂ ਦੀ ਕਾਲਾ ਬਾਜ਼ਾਰੀ ਕਰਦਾ ਹੈ।