ਨਵੀਂ ਦਿੱਲੀ : ਉੱਤਰ ਰੇਲਵੇ ਦੇ ਕਨਾਟ ਪਲੇਸ 'ਚ ਸਥਿਤ ਸੈਂਟਰਲ ਹਸਪਤਾਲ ਵਿੱਚ ਕੋਰੋਨਾ ਵਾਇਰਸ ਦੀ ਜਾਂਚ ਸ਼ੁਰੂ ਹੋ ਗਈ ਹੈ। ਇਸ ਦੀ ਸੂਚਨਾ ਉੱਤਰ ਰੇਲਵੇ ਦੇ ਮੁੱਖ ਜਨ ਸੰਪਰਕ ਅਧਿਕਾਰੀ ਨੇ ਦਿੱਤੀ ਹੈ।
ਇੱਕ ਸ਼ਿਫਟ 'ਚ ਹੋ ਸਕਣਗੇ 100 ਵੱਧ ਟੈਸਟ
ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉੱਤਰ ਰੇਲਵੇ ਦੇ ਮੁੱਖ ਜਨ ਸੰਪਰਕ ਅਧਿਕਾਰੀ ਦੀਪਕ ਕੁਮਾਰ ਨੇ ਦੱਸਿਆ ਕਿ ਹੁਣ ਸੈਂਟਰਲ ਹਸਪਤਾਲ ਵਿੱਚ ਵੀ ਕੋਰੋਨਾ ਵਾਇਰਸ ਦੀ ਜਾਂਚ ਸ਼ੁਰੂ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਥੇ ਇੱਕ ਦਿਨ 'ਚ ਤਕਰੀਬਨ 300 ਤੱਕ ਟੈਸਟ ਕੀਤੇ ਜਾਣਗੇ। ਇਨ੍ਹਾਂ ਚੋਂ ਇੱਕ ਸ਼ਿਫਟ ਦੇ ਦੌਰਾਨ 100 ਤੋਂ 120 ਟੈਸਟ ਕੀਤੇ ਜਾਣ ਦੀ ਸਮਰਥਾ ਹੈ। ਇਸ ਤੋਂ ਰੇਲਵੇ ਲਾਭਪਾਤਰੀਆਂ ਨੂੰ ਜਲਦ ਹੀ ਕੋਵਿਡ-19 ਦੇ ਸੰਕਰਮਣ ਬਾਰੇ ਪਤਾ ਲੱਗ ਸਕੇਗਾ ਅਤੇ ਉਹ ਜਲਦ ਹੀ ਇਸ ਦਾ ਇਲਾਜ ਕਰਵਾ ਸਕਣਗੇ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰੇਲਵੇ ਹਸਪਤਾਲ ਵਿੱਚ ਜਾਂਚ ਲਈ ਜਾਣ ਵਾਲੇ ਲੋਕਾਂ ਦੇ ਸੈਂਪਲ ਰਾਮ ਮਨੋਹਰ ਲੋਹੀਆ ਹਸਪਤਾਲ ਭੇਜੇ ਜਾਂਦੇ ਸਨ। ਇਥੋਂ ਰਿਪੋਰਟ ਆਉਣ ਵਿੱਚ ਤਕਰੀਬਨ 24 ਤੋਂ 48 ਘੰਟਿਆਂ ਦਾ ਸਮਾਂ ਲੱਗ ਜਾਂਦਾ ਸੀ। ਰੇਲਵੇ ਹਸਪਤਾਲ 'ਚ ਆਈਸੋਲੇਸ਼ਨ ਅਤੇ ਕੁਆਰਨਟਾਇਨ ਦੀ ਸੁਵਿਧਾ ਪਹਿਲਾਂ ਤੋਂ ਹੀ ਉਪਲਬਧ ਹੈ। ਟੈਸਟਿੰਗ ਸ਼ੁਰੂ ਹੋਣ ਤੋਂ ਬਾਅਦ ਕੋਰੋਨਾ ਖਿਲਾਫ ਲੜਾਈ 'ਚ ਰੇਲਵੇ ਦੇ ਹੱਥ ਹੋਰ ਮਜ਼ਬੂਤ ਹੋ ਜਾਣਗੇ।