ਨਵੀਂ ਦਿੱਲੀ: ਈ-ਕਾਮਰਸ ਕੰਪਨੀ ਫਲਿੱਪਕਾਰਟ ਨੇ ਨੋਕੀਆ-ਬ੍ਰਾਂਡ ਲੈਪਟਾਪ ਨੂੰ ਭਾਰਤੀ ਮਾਰਕਿਟ ਵਿੱਚ ਪੇਸ਼ ਕੀਤਾ ਹੈ। ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਾਅਦ, ਘਰ ਤੋਂ ਕੰਮ ਕਰਨ ਅਤੇ ਬੱਚਿਆਂ ਦੀ ਆਨਲਾਈਨ ਸਿੱਖਿਆ ਦੇ ਕਾਰਨ ਲੈਪਟਾਪ ਦੀ ਮੰਗ ਵਿੱਚ ਵਾਧਾ ਹੋਇਆ ਹੈ।
ਨੋਕੀਆ ਦੇ ਲੈਪਟਾਪ ਦੀ ਕੀਮਤ 59,990 ਰੁਪਏ ਤੋਂ ਸ਼ੁਰੂ ਹੁੰਦੀ ਹੈ। ਗਾਹਕ ਇਸ ਨੂੰ 18 ਦਸੰਬਰ ਤੋਂ ਪ੍ਰੀ-ਬੁੱਕ ਕਰ ਸਕਣਗੇ।
ਵਾਲਮਾਰਟ ਦੀ ਮਲਕੀਅਤ ਵਾਲੇ ਫਲਿੱਪਕਾਰਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਨੇ ਨੋਕੀਆ ਪਿਓਰਬੁੱਕ ਐਕਸ 14 ਲੈਪਟਾਪ ਪੇਸ਼ ਕੀਤਾ ਹੈ। ਇਸਦੇ ਨਾਲ ਨੋਕੀਆ ਨੇ ਲੈਪਟਾਪ ਸ਼੍ਰੇਣੀ ਵਿੱਚ ਥਾਂ ਬਣਾਈ ਹੈ। ਕੰਪਨੀ ਐਚਪੀ, ਡੈੱਲ, ਲੇਨੋਵੋ, ਏਸਰ ਅਤੇ ਆਸੁਸ ਨਾਲ ਬਾਜ਼ਾਰ ਵਿੱਚ ਮੁਕਾਬਲਾ ਕਰੇਗੀ।
ਫਲਿੱਪਕਾਰਟ ਨੇ ਕਿਹਾ ਕਿ ਲੈਪਟਾਪ ਬਾਜ਼ਾਰ ਵਿੱਚ ਲੱਖਾਂ ਗਾਹਕਾਂ ਦੀਆਂ ਸਮੀਖਿਆਵਾਂ ਦਾ ਮੁਲਾਂਕਣ ਕਰਨ ਤੋਂ ਬਾਅਦ ਕੰਪਨੀ ਨੂੰ ਇਸ ਖੇਤਰ ਵਿੱਚ ਉੱਚੀ ਮੰਗ ਦਾ ਪਤਾ ਚੱਲਿਆ। ਇਸਦੇ ਬਾਅਦ ਕੰਪਨੀ ਨੇ ਨੋਕੀਆ ਦੇ ਨਾਲ ਲੈਪਟਾਪ ਉਪਭੋਗਤਾਵਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਉਤਪਾਦ ਪੇਸ਼ ਕੀਤਾ ਹੈ।
ਨੋਕੀਆ ਲੈਪਟਾਪ ਦੀ ਇਹ ਪੇਸ਼ਕਸ਼ ਫਲਿੱਪਕਾਰਟ ਦੀ ਵਿਸ਼ੇਸ਼ ਲਾਇਸੈਂਸ ਸਾਂਝੇਦਾਰੀ ਦਾ ਹਿੱਸਾ ਹੈ। ਇਸਦੇ ਤਹਿਤ ਫਲਿੱਪਕਾਰਟ ਨੋਕੀਆ ਦੇ ਸਮਾਰਟ ਟੀਵੀ, ਨੋਕੀਆ ਮੀਡੀਆ ਸਟ੍ਰੀਮਰਾਂ ਅਤੇ ਲੈਪਟਾਪਾਂ ਦੇ ਵਿਕਾਸ, ਨਿਰਮਾਣ ਅਤੇ ਵੰਡ ਵਿੱਚ ਮਦਦ ਕਰੇਗੀ।
ਨੋਕੀਆ ਵਿਖੇ ਬ੍ਰਾਂਡ ਦੀ ਭਾਈਵਾਲੀ ਦੇ ਉਪ ਪ੍ਰਧਾਨ ਵਿਪੁਲ ਮਹਿਰੋਤਰਾ ਨੇ ਕਿਹਾ ਕਿ ਨਵੇਂ ਉਤਪਾਦ ਵਰਗ ਵਿੱਚ ਨੋਕੀਆ ਬ੍ਰਾਂਡ ਦੀ ਸ਼ੁਰੂਆਤ ਫਲਿੱਪਕਾਰਟ ਨਾਲ ਸਾਡੀ ਸਫਲ ਭਾਈਵਾਲੀ ਦਾ ਨਤੀਜਾ ਹੈ। ਅਸੀਂ ਦੇਸ਼ ਦੇ ਗਾਹਕਾਂ ਨੂੰ ਨੋਕੀਆ ਬ੍ਰਾਂਡ ਲੈਪਟਾਪ ਪ੍ਰਦਾਨ ਕਰਨ ਵਿੱਚ ਖੁਸ਼ ਹਾਂ।
ਨੋਕੀਆ ਪਿਓਰਬੁੱਕ ਐਕਸ 14 ਦਾ ਭਾਰ 1.1 ਕਿਲੋਗ੍ਰਾਮ ਹੈ। ਇਸ ਵਿੱਚ ਇੱਕ 14 ਇੰਚ ਦੀ ਸਕ੍ਰੀਨ ਅਤੇ ਇੱਕ ਇੰਟੇਲ ਆਈ 5 10ਵੀਂ ਪੀੜ੍ਹੀ ਦਾ ਕੁਆਡ ਕੋਰ ਪ੍ਰੋਸੈਸਰ ਹੈ। ਗਾਹਕ ਇਸ ਨੂੰ 18 ਦਸੰਬਰ ਤੋਂ ਪ੍ਰੀ-ਬੁੱਕ ਕਰ ਸਕਣਗੇ।