ਸ੍ਰੀਨਗਰ: ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਦੀ 5 ਮੈਂਬਰੀ ਟੀਮ ਐਤਵਾਰ ਤੋਂ ਇਥੇ ਆਪਣਾ ਹਫ਼ਤਾਵਾਰੀ ਦੌਰਾ ਸ਼ੁਰੂ ਕਰੇਗੀ। ਐੱਨਆਈਏ ਦੀ ਟੀਮ ਜੰਮੂ ਕਸ਼ਮੀਰ ਦੇ ਡਿਪਟੀ ਸੁਪਰਡੈਂਟ (ਡੀਐਸਪੀ) ਦਵਿੰਦਰ ਸਿੰਘ ਤੋਂ ਪੁੱਛਗਿੱਛ ਕਰੇਗੀ। ਸੂਤਰਾਂ ਨੇ ਦੱਸਿਆ ਕਿ ਐੱਨਆਈਏ ਦੀ ਟੀਮ ਦਿੱਲੀ ਪਰਤਣ ਤੋਂ ਪਹਿਲਾਂ ਸਬੂਤ ਇਕੱਠੇ ਕਰਨ ਲਈ ਇੱਕ ਹਫ਼ਤੇ ਕਸ਼ਮੀਰ ਵਿੱਚ ਰਹੇਗੀ।
ਸੂਤਰਾਂ ਮੁਤਾਬਕ, ਜਦੋਂ ਟੀਮ ਦਿੱਲੀ ਵਾਪਸ ਪਰਤੇਗੀ ਤਾਂ ਸਿੰਘ ਨੂੰ ਵੀ ਦਿੱਲੀ ਲਿਜਾਇਆ ਜਾਵੇਗਾ। ਜਾਂਚ ਟੀਮ ਸਬੂਤ ਇਕੱਠੇ ਕਰਨ ਲਈ ਕੁਲਗਾਮ, ਕਾਜ਼ੀਗੁੰਡ, ਸ੍ਰੀਨਗਰ ਹਵਾਈ ਅੱਡੇ ਅਤੇ ਸਿੰਘ ਦੀ ਰਿਹਾਇਸ਼ ਦਾ ਦੌਰਾ ਕਰੇਗੀ। ਗ੍ਰਹਿ ਮੰਤਰਾਲੇ ਤੋਂ ਆਦੇਸ਼ ਮਿਲਣ ਤੋਂ ਐੱਨਆਈਏ ਨੇ ਸ਼ਨੀਵਾਰ ਨੂੰ ਇੱਕ ਮਾਮਲਾ ਦਰਜ ਕੀਤਾ ਸੀ ਤੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਦਵਿੰਦਰ ਸਿੰਘ ਨੂੰ 11 ਜਨਵਰੀ ਨੂੰ ਹਿਜ਼ਬੁਲ ਮੁਜਾਹਿਦੀਨ ਦੇ ਚੋਟੀ ਦੇ ਕਮਾਂਡਰ ਨਵੀਦ ਬਾਬੂ ਸਣੇ ਤਿੰਨ ਅਤਿਵਾਦੀਆਂ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਉਹ ਇੱਕ ਕਾਰ ਵਿੱਚ ਕਾਜ਼ੀਪੁਰ ਵਿੱਚ ਰਾਸ਼ਟਰੀ ਰਾਜ ਮਾਰਗ ਉੱਤੇ ਸਫ਼ਰ ਕਰ ਰਹੇ ਸੀ। ਉਨ੍ਹਾਂ ਕੋਲੋਂ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤੇ ਗਏ ਹਨ।
ਸੂਤਰਾਂ ਨੇ ਦੱਸਿਆ ਕਿ ਸਿੰਘ ਬਾਬੂ ਨੂੰ ਜੰਮੂ ਲਿਆ ਕੇ ਪਾਕਿਸਤਾਨ ਭੇਜ ਰਿਹਾ ਸੀ। ਇੱਕ ਵਕੀਲ ਇਰਫਾਨ ਅਹਿਮਦ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਉਸ ਸਮੇਂ ਤੋਂ, ਬਹੁਤ ਸਾਰੀਆਂ ਜਾਂਚ ਏਜੰਸੀਆਂ ਨੇ ਸਿੰਘ ਤੋਂ ਪੁੱਛਗਿੱਛ ਕੀਤੀ ਹੈ। ਸਿੰਘ ਪਹਿਲਾਂ ਵੀ ਕਈ ਅਹਿਮ ਅਹੁਦਿਆਂ 'ਤੇ ਰਹਿ ਚੁੱਕੇ ਹਨ।
ਦਵਿੰਦਰ ਸਿੰਘ ਅੱਤਵਾਦ ਨਾਲ ਲੜ ਰਹੇ ਜੰਮੂ-ਕਸ਼ਮੀਰ ਪੁਲਿਸ ਨਾਲ ਜੁੜੇ ਹੋਏ ਸਨ। ਉਹ ਸ੍ਰੀਨਗਰ ਵਿੱਚ ਐਂਟੀ ਹਾਈਜੈਕਿੰਗ ਵਿੰਗ ਵਿੱਚ ਵੀ ਤਾਇਨਾਤ ਰਹੇ ਚੁਕਿਆ ਹੈ। ਸਿੰਘ ਇਸ ਤੋਂ ਇਲਾਵਾ ਇਸ ਹੀ ਮਹੀਨੇ ਕਸ਼ਮੀਰ ਦਾ ਦੌਰਾ ਕਰਨ ਵਾਲੇ ਰਾਜਦੂਤ ਦੇ ਨੁਮਾਇੰਦਿਆਂ ਦਾ ਸਵਾਗਤ ਕਰਨ ਵਾਲੇ ਅਧਿਕਾਰੀਆਂ ਵਿੱਚ ਸ਼ਾਮਲ ਸਨ।