ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ (ਐਨਆਈਏ) ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਅਤੇ ਉਸ ਦੇ ਭਰਾ ਅਬਦੁੱਲ ਰੌਫ ਅਸਗਰ ਨੂੰ ਪੁਲਵਾਮਾ ਅੱਤਵਾਦੀ ਹਮਲੇ ਦੇ ਕੇਸ ਵਿੱਚ ਨਾਮਜ਼ਦ ਕੀਤਾ ਹੈ।
ਇਸ ਤੋਂ ਇਲਾਵਾ ਚਾਰਜਸ਼ੀਟ ਵਿੱਚ ਮਾਰੇ ਗਏ ਅੱਤਵਾਦੀ ਮੁਹੰਮਦ ਉਮਰ ਫਾਰੂਕ, ਆਤਮਘਾਤੀ ਹਮਲਾਵਰ ਆਦਿਲ ਅਹਿਮਦ ਡਾਰ ਅਤੇ ਪਾਕਿਸਤਾਨ ਤੋਂ ਸਰਗਰਮ ਹੋਰ ਅੱਤਵਾਦੀ ਕਮਾਂਡਰਾਂ ਦੇ ਨਾਂਅ ਵੀ ਸ਼ਾਮਲ ਹਨ। ਹੁਣ ਤੱਕ ਗ੍ਰਿਫਤਾਰ ਕੀਤੇ ਗਏ 6 ਮੁਲਜ਼ਮਾਂ ਤੋਂ ਇਲਾਵਾ ਇਹ ਸਾਰੇ ਨਾਂਅ ਸ਼ਾਮਲ ਕੀਤੇ ਗਏ ਹਨ।
ਐਨਆਈਏ ਦੇ ਇੱਕ ਅਧਿਕਾਰੀ ਨੇ ਦੱਸਿਆ, "ਪੁਲਵਾਮਾ ਅੱਤਵਾਦੀ ਹਮਲੇ ਦੇ ਮਾਮਲੇ ਵਿੱਚ ਏਜੰਸੀ ਜੰਮੂ ਦੀ ਵਿਸ਼ੇਸ਼ ਐਨਆਈਏ ਅਦਾਲਤ ਵਿੱਚ ਛੇ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਅਤੇ ਉਨ੍ਹਾਂ ਦੇ ਮਾਰੇ ਗਏ ਰਿਸ਼ਤੇਦਾਰ ਫਾਰੂਕ ਅਜ਼ਹਰ, ਅਸਗਰ ਦੇ ਖ਼ਿਲਾਫ਼ ਚਾਰਜਸ਼ੀਟ ਦਾਖਲ ਕਰੇਗੀ।"
ਅਧਿਕਾਰੀ ਨੇ ਕਿਹਾ ਕਿ ਏਜੰਸੀ ਨੇ ਚਾਰਜਸ਼ੀਟ ਵਿਚਲੇ ਸਾਰੇ ਮੁਲਜ਼ਮਾਂ ਖ਼ਿਲਾਫ਼ ਸਬੂਤਾਂ ਦੇ ਨਾਲ ਕੇਸ ਬਣਾਇਆ ਹੈ। ਇਸ ਵਿੱਚ ਉਨ੍ਹਾਂ ਦੀ ਚੈਟ, ਕਾਲ ਵੇਰਵੇ ਆਦਿ ਸ਼ਾਮਲ ਹਨ ਜੋ ਹਮਲੇ ਵਿੱਚ ਉਨ੍ਹਾਂ ਦੀ ਭੂਮਿਕਾ ਦੀ ਪੁਸ਼ਟੀ ਕਰਦੇ ਹਨ। ਐਨਆਈਏ ਨੇ ਆਪਣੀ ਚਾਰਜਸ਼ੀਟ ਵਿੱਚ ਅੱਤਵਾਦੀ ਸਮੂਹ ਦੇ ਕਈ ਚੋਟੀ ਦੇ ਕਮਾਂਡਰਾਂ ਉੱਤੇ ਵੀ ਦੋਸ਼ ਲਗਾਏ ਹਨ।
ਜੁਲਾਈ ਵਿੱਚ ਏਜੰਸੀ ਨੇ ਜੰਮੂ-ਕਸ਼ਮੀਰ ਦੇ ਬਡਗਾਮ ਨਿਵਾਸੀ 25 ਸਾਲਾ ਮੁਹੰਮਦ ਇਕਬਾਲ ਰਾਥਰ ਨੂੰ ਵੀ ਗ੍ਰਿਫਤਾਰ ਕੀਤਾ ਸੀ। ਉਸ ਉੱਤੇ ਘੁਸਪੈਠ ਕਰਵਾਉਣ, ਜੈਸ਼ ਦੇ ਅੱਤਵਾਦੀ ਅਤੇ ਇਸ ਹਮਲੇ ਦੇ ਪ੍ਰਮੁੱਖ ਸਾਜ਼ਿਸ਼ਕਰਤਾ ਮੁਹੰਮਦ ਉਮਰ ਫਾਰੂਕ ਦੀ ਜੰਮੂ ਵਿੱਚ ਮਦਦ ਕਰਨ ਦਾ ਦੋਸ਼ ਹੈ।
ਅੱਤਵਾਦੀ ਹਮਲੇ ਵਿੱਚ ਵਰਤੀ ਗਈ ਆਈਡੀ ਫਾਰੂਕ ਨੇ ਹੋਰਨਾਂ ਲੋਕਾਂ ਨਾਲ ਮਿਲ ਕੇ ਇਕੱਤਰ ਕੀਤੀ ਸੀ। ਚਾਰਜਸ਼ੀਟ ਵਿੱਚ ਨਾਮਜ਼ਦ ਹੋਰ 5 ਦੋਸ਼ੀ ਮੁਹੰਮਦ ਅੱਬਾਸ ਰਾਥਰ, ਵੈਜ-ਉਲ-ਇਸਲਾਮ, ਪਿਤਾ-ਬੇਟੀ ਤਾਰਿਕ ਅਹਿਮਦ ਸ਼ਾਹ ਅਤੇ ਇੰਸ਼ਾ ਜਾਨ ਜੈਸ਼ ਦੇ ਕਥਿਤ ਜ਼ਮੀਨੀ ਵਰਕਰ ਹਨ।
ਦੱਸ ਦੇਈਏ ਕਿ ਫਰਵਰੀ, 2019 ਨੂੰ ਪੁਲਵਾਮਾ ਵਿੱਚ ਹੋਏ ਹਮਲੇ ਵਿੱਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋਏ ਸਨ।