ਚੰਡੀਗੜ੍ਹ : ਬੀਤੇ ਦਿਨੀਂ ਪੰਜਾਬ ਦੇ ਚਾਰ ਹਲਕਿਆਂ ਦੀਆਂ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਆਏ ਤਾਂ ਹਰ ਪਾਸੇ ਕਿਸੇ ਦੀ ਜਿੱਤ ਤਾਂ ਕਿਸੇ ਦੀ ਹਾਰ ਚਰਚਾ ਵਿੱਚ ਰਹੀ। ਇਹਨਾਂ ਵਿੱਚ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਵੀਆਈਪੀ ਸੀਟ ਗਿਦੜਬਾਹਾ ਦੀ ਤਾਂ ਇਥੇ ਆਮ ਆਦਮੀ ਪਾਰਟੀ ਦਾ ਉਮਦੀਵਾਰ ਜਿੱਤ ਗਿਆ ਅਤੇ ਕਾਂਗਰਸ ਉਮੀਦਵਾਰ ਅੰਮ੍ਰਿਤਾ ਵੜਿੰਗ ਦੇ ਨਾਲ ਨਾਲ ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਇਥੇ ਹੈਰਾਨੀ ਵਾਲੀ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕੇ ਮਨਪ੍ਰੀਤ ਬਾਦਲ ਹਾਰ ਕੇ ਵੀ ਖੁਸ਼ ਨੇ, ਖੁਸ਼ੀ ਵਿੱਚ ਮਨਪ੍ਰੀਤ ਬਾਦਲ ਨੇ ਅੱਜ ਲੱਡੂ ਵੀ ਵੰਡੇ।
'ਲੋਕਾਂ ਨੇ ਤੋੜਿਆ ਰਾਜਾ ਵੜਿੰਗ ਦਾ ਹੰਕਾਰ'
ਦਰਅਸਲ ਮਨਪ੍ਰੀਤ ਬਾਦਲ ਵੱਲੋਂ ਆਪਣੀ ਹਾਰ ਦੇ ਅਫਸੋਸ ਤੋਂ ਵੱਧ ਖੁਸ਼ੀ ਹੈ, ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਦੇ ਚੋਣ ਹਾਰਨ ਦੀ। ਇਸ ਨੂੰ ਲੈ ਕੇ ਜਿਥੇ ਉਹਨਾਂ ਨੇ ਆਪਣੇ ਹਲਕੇ ਦੇ ਲੋਕਾਂ ਨੂੰ ਲੱਡੂ ਵੰਡੇ ਉਥੇ ਹੀ ਉਹਨਾਂ ਨੇ ਰਾਜਾ ਵੜਿੰਗ ਉੱਤੇ ਸ਼ਬਦੀ ਤੰਜ ਵੀ ਕਸੇ। ਉਹਨਾਂ ਨੇ ਅੱਜ ਯਾਨੀ ਕਿ ਐਤਵਾਰ ਦੀ ਸਵੇਰੇ ਹੀ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਵੀਡੀਓ ਸਾਂਝੀ ਕੀਤੀ ਅਤੇ ਕਰੀਬ ਸਾਢੇ ਤਿੰਨ ਮਿੰਟ ਦੀ ਇਸ ਵੀਡੀਓ ਵਿੱਚ ਉਨ੍ਹਾਂ ਨੇ ਗਿੱਦੜਬਾਹਾ ਦੇ ਲੋਕਾਂ ਦਾ ਉਨ੍ਹਾਂ ਨੂੰ ਵੋਟ ਪਾਉਣ ਲਈ ਧੰਨਵਾਦ ਕੀਤਾ। ਇੰਨਾ ਹੀ ਨਹੀਂ ਉਨ੍ਹਾਂ ਨੇ ਡਿੰਪੀ ਢਿੱਲੋਂ ਨੂੰ ਜਿੱਤ ਦੀ ਵਧਾਈ ਵੀ ਦਿੱਤੀ ਹੈ। ਇਸ ਦੇ ਨਾਲ ਹੀ ਅਮਰਿੰਦਰ ਸਿੰਘ ਨੇ ਰਾਜਾ ਵੜਿੰਗ ਨੂੰ ਹੰਕਾਰੀ ਕਹਿ ਕੇ ਤੰਜ ਕੱਸਿਆ।
'ਲੋਕਾਂ ਦਾ ਸਵਾਰਨ ਦੀ ਬਜਾਏ ਬਣਾਈ ਦੌਲਤ'
ਮਨਪ੍ਰੀਤ ਬਾਦਲ ਨੇ ਕਿਹਾ ਕਿ ਰਾਜਾ ਵੜਿੰਗ ਅਕਸਰ ਹੀ ਇਹ ਦਾਅਵੇ ਕਰਕੇ ਲੋਕਾਂ ਨੂੰ ਮੂਰਖ ਬਣਾਉਂਦੇ ਹਨ ਕਿ ਉਹ ਗ਼ਰੀਬ ਹਨ ਪਰ ਗਿੱਦੜਬਾਹਾ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਰਾਜਾ ਵੜਿੰਗ ਨੇ ਹੁਣ ਤੱਕ ਕੀ ਕਮਾਇਆ ਹੈ। ਉਹਨਾਂ ਕਿਹਾ ਕਿ ਜਦੋਂ ਤੋਂ ਰਾਜਾ ਵੜਿੰਗ ਵਿਧਾਇਕ ਬਣੇ ਹਨ, ਉਨ੍ਹਾਂ ਦੇ ਸਿਰਫ਼ ਦੋ ਬਿਆਨ ਹੀ ਹਲਕੇ ’ਚ ਗੂੰਜ ਰਹੇ ਹਨ। ਪਹਿਲੀ ਗੱਲ, "ਮੈਂ ਇੱਕ ਗਰੀਬ ਪਰਿਵਾਰ ਤੋਂ ਹਾਂ, ਮੈਂ ਅਨਾਥ ਹਾਂ" ਕਾਸ਼ ! ਪੰਜਾਬ ਦੇ ਹਰ ਗਰੀਬ ਕੋਲ ਉਹ ਦੌਲਤ ਹੋਵੇ ਜੋ ਰਾਜਾ ਵੜਿੰਗ ਕੋਲ ਹੈ।
ਰਿਸ਼ਤਿਆਂ ਦੀ ਰੱਖੀ ਨੀਂਹ
ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਗਿੱਦੜਬਾਹਾ ਤੋਂ ਟੁੱਟੇ ਹੋਏ ਮੈਨੂ 15 ਸਾਲ ਹੋ ਗਏ ਸਨ। ਜਿੰਨਾ ਪਿਆਰ ਹੁਣ ਮਿਲਿਆ ਹੈ ਮੈਂ ਉਨਾਂ ਲੋਕਾਂ ਦਾ ਰਿਣੀ ਹਾਂ ਜਿੰਨਾ ਨੇ ਮੈਨੂੰ ਵੋਟ ਪਾਈ ਹੈ। ਉਹਨਾਂ ਕਿਹਾ ਕਿ ਚੋਣ ਮੈਦਾਨ ’ਚ ਪੁਰਾਣੇ ਰਿਸ਼ਤਿਆਂ ਨੂੰ ਮੁੜ ਪੱਕਾ ਕਰਨ ਲਈ ਦੋ ਮਹੀਨੇ ਦਾ ਸਮਾਂ ਕਾਫੀ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਉਦੇਸ਼ ਗਿੱਦੜਬਾਹਾ ਦੇ ਲੋਕਾਂ ਨਾਲ ਸਾਰੀ ਉਮਰ ਜੁੜੇ ਰਹਿਣਾ ਹੈ ਅਤੇ ਲੋਕਾਂ ਨੂੰ 2027 ’ਚ ਭਾਜਪਾ ਦੀ ਸਰਕਾਰ ਬਣਾਉਣ ਦਾ ਵਾਅਦਾ ਕੀਤਾ ਹੈ। ਲੋਕਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਤੁਹਾਨੂੰ ਅਗਲੀ ਵਾਰ ਮੌਕਾ ਦੇਵਾਂਗੇ। ਇਸ ਵਾਰ ਲੋਕਾਂ ਨੇ ਰਾਜਾ ਵੜਿੰਗ ਦੇ ਧੌਣ ਦੇ ਕਿਲ੍ਹੇ ਨੂੰ ਭੰਨਿਆ ਹੈ।
ਉਨ੍ਹਾਂ ਹਮੇਸ਼ਾ ਹੀ ਬਾਦਲ ਪਰਿਵਾਰ ਦੀ ਸਿਆਸਤ ਦੀ ਨਿਖੇਧੀ ਕੀਤੀ ਹੈ। ਪਰ ਜਦੋਂ ਮੇਰੀ ਟਿਕਟ ਦੀ ਗੱਲ ਆਈ, ਮੈਂ ਇਸ ਨੂੰ ਆਪਣੇ ਘਰ ਵਿੱਚ ਰੱਖਣਾ ਬਿਹਤਰ ਸਮਝਿਆ। ਕਿਸੇ ਹੋਰ ਦਾ ਵਿਰਸਾ ਹਮੇਸ਼ਾ ਗਲਤ ਲੱਗਦਾ ਹੈ, ਜਦਕਿ ਸਾਡਾ ਆਪਣਾ ਵਿਰਸਾ ਸਹੀ ਲੱਗਦਾ ਹੈ। ਉਹਨਾਂ ਕਿਹਾ ਕਿ ਮੈਂ ਚੋਣਾਂ ਦੌਰਾਨ ਕਿਹਾ ਸੀ ਕਿ ਮਨਪ੍ਰੀਤ ਬਾਦਲ ਦੀ ਜੋ ਵੀ ਉਮਰ ਬਚੀ ਹੈ, ਮੈਂ ਗਿੱਦੜਬਾਹਾ ਹਲਕੇ ਦੀ ਸੇਵਾ ਵਿੱਚ ਵਰਤਾਂਗਾ।