ਨਵੀਂ ਦਿੱਲੀ: ਨਿਜ਼ਾਮੂਦੀਨ ਵਿੱਚ ਤਬਲੀਗੀ ਜਮਾਤ ਵੱਲੋਂ ਕਰਵਾਏ ਪ੍ਰੋਗਰਾਮ ਵਿੱਚ ਘੱਟੋ-ਘੱਟ 7,600 ਭਾਰਤੀਆਂ ਅਤੇ 1,300 ਵਿਦੇਸ਼ੀ ਲੋਕਾਂ ਦੇ ਸ਼ਾਮਲ ਹੋਣ ਦੀ ਖ਼ਬਰ ਮਿਲੀ ਹੈ। ਜਮਾਤ ਨੇ ਪਿਛਲੇ ਮਹੀਨੇ ਦਿੱਲੀ ਵਿਖੇ ਨਿਜ਼ਾਮੂਦੀਨ ਵਿੱਚ ਇੱਕ ਧਾਰਮਿਕ ਪ੍ਰੋਗਰਾਮ ਕਰਵਾਇਆ ਸੀ। ਹੁਣ ਇਹ ਪ੍ਰੋਗਰਾਮ ਭਾਰਤ ਵਿੱਚ ਕੋਰੋਨਾਵਾਇਰਸ ਦਾ ਸਭ ਤੋਂ ਵੱਡਾ ਹੌਟਸਪੌਟ ਬਣ ਕੇ ਉਭਰਿਆ ਹੈ। ਇਹ ਜਾਣਕਾਰੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਦਿੱਤੀ।
ਅਜੇ, ਤਬਲੀਗੀ ਜਮਾਤ ਦੇ ਮੈਂਬਰਾਂ ਦੀ ਪਛਾਣ ਜਾਰੀ ਹੈ, ਮੈਂਬਰਾਂ ਦੀ ਗਿਣਤੀ ਵੀ ਵਧ ਸਕਦੀ ਹੈ। ਪੂਰੇ ਦੇਸ਼ ਵਿਚ ਜਮਾਤ ਦੇ ਹੋਰ ਦੇਸ਼ਾਂ ਦੇ 1,306 ਮੈਂਬਰਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਗ੍ਰਹਿ ਮੰਤਰਾਲੇ ਵੱਲੋਂ ਇਕੱਠੀ ਕੀਤੀ ਜਾਣਕਾਰੀ ਅਨੁਸਾਰ, 1 ਅਪ੍ਰੈਲ ਤੱਕ 1,051 ਲੋਕਾਂ ਨੂੰ ਅਲੱਗ ਕੀਤਾ ਗਿਆ ਹੈ। 21 ਵਿਅਕਤੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ, ਜਦਕਿ 2 ਦੀ ਮੌਤ ਹੋ ਗਈ ਹੈ।
ਤਬਲੀਗੀ ਜਮਾਤ ਦੇ 7,688 ਵਰਕਰਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ, ਤਾਂ ਜੋ ਉਨ੍ਹਾਂ ਨੂੰ ਕੁਆਰੰਨਟਾਈਨ ਕੀਤਾ ਜਾ ਸਕੇ। ਤਬਲੀਗੀ ਜਮਾਤ ਨਾਲ ਜੁੜੇ 400 ਲੋਕ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ।
ਗ੍ਰਹਿ ਮੰਤਰਾਲੇ ਵਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ, ਤਾਮਿਲਨਾਡੂ ਵਿੱਚ ਸਭ ਤੋਂ ਵੱਧ 190 ਲੋਕ ਹਨ, ਆਂਧਰਾ ਪ੍ਰਦੇਸ਼ ਵਿੱਚ 71 ਲੋਕ, ਦਿੱਲੀ ਵਿੱਚ 53, ਤੇਲੰਗਾਨਾ ਵਿੱਚ 28, ਅਸਮ ਵਿੱਚ 13, ਮਹਾਂਰਾਸ਼ਟਰ ਵਿੱਚ 12, ਅੰਡਮਾਨ ਵਿੱਚ 10, ਜੰਮੂ-ਕਸ਼ਮੀਰ ਵਿੱਚ 6 ਅਤੇ ਗੁਜਰਾਤ ਅਤੇ ਪੁਡੂਚੇਰੀ ਵਿੱਚ 2-2 ਵਿਅਕਤੀ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਭਾਰਤ ਵਿੱਚ ਕੋਰੋਨਾਵਾਇਰਸ (ਕੋਵਿਡ-19) ਕਾਰਨ ਹੁਣ ਤੱਕ 41 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਪੀੜਤਾਂ ਦੀ ਗਿਣਤੀ 1, 834 ਨੂੰ ਪਾਰ ਕਰ ਗਈ ਹੈ।