ਅਸਾਮ: ਦੇਸ਼ ਭਰ 'ਚ ਪ੍ਰਚਲਿਤ ਧਾਰਮਿਕ ਅਸਹਿਣਸ਼ੀਲਤਾ ਦੇ ਵਿਚਕਾਰ, ਅਸਾਮ ਦੇ ਗੋਲਾਘਾਟ ਜ਼ਿਲ੍ਹੇ ਦੀ ਇੱਕ ਮੁਸਲਿਮ ਔਰਤ ਧਾਰਮਿਕ ਸਦਭਾਵਨਾ ਨੂੰ ਉਤਸ਼ਾਹਤ ਕਰ ਰਹੀ ਹੈ। ਇਨ੍ਹਾਂ ਦਾ ਨਾਂਅ ਸਹਾਨੂਰ ਬੇਗਮ ਹੈ ਜੋ ਪਿਛਲੇ 35 ਸਾਲਾਂ ਤੋਂ ਹਿੰਦੂਆਂ ਦੇ ਸ਼ਮਸ਼ਾਨਘਾਟ ਦੀ ਸਫਾਈ ਕਰ ਰਹੀ ਹੈ। ਸਹਾਨੂਰ ਹਿੰਦੂ ਸ਼ਮਸ਼ਾਨਘਾਟ ਦੀ ਦੇਖਭਾਲ ਦੀ ਜ਼ਿੰਮੇਵਾਰੀ ਸੰਭਾਲਦੀ ਹੈ।
ਆਪਣੀ ਸਵੇਰ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਸਹਾਨੂਰ ਰੋਜ਼ ਕੰਮ 'ਤੇ ਆਉਂਦੀ ਹੈ। ਸਹਾਨੂਰ ਹੱਥ ਵਿੱਚ ਝਾੜੂ ਅਤੇ ਬਾਂਸ ਦੀ ਟੋਕਰੀ ਲੈ ਕੇ ਤੇਨਪੁਰ ਵਿੱਚ ਸ਼ਾਂਤੀਵਨ ਸ਼ਮਸ਼ਾਨਘਾਟ ਪਹੁੰਚਦੀ ਹੈ। ਉਥੇ ਪਹੁੰਚਣ ਤੋਂ ਬਾਅਦ ਉਹ ਸ਼ਮਸ਼ਾਨਘਾਟ ਦੀ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਸਫ਼ਾਈ ਕਰਨਾ ਸ਼ੁਰੂ ਕਰ ਦਿੰਦੀ ਹੈ। ਉਹ ਪਿਛਲੇ 35 ਸਾਲਾਂ ਤੋਂ ਅਜਿਹਾ ਕਰਦੀ ਆ ਰਹੀ ਹੈ ਅਤੇ ਉਨ੍ਹਾਂ ਦੀ ਰੁਟੀਨ ਵਿੱਚ ਕੋਈ ਤਬਦੀਲੀ ਨਹੀਂ ਹੋਈ।
ਲੋਕਾਂ ਦੀ ਸਹੂਲਤ ਲਈ ਲਗਾਏ ਰੁੱਖ
ਪਿਛਲੇ ਤਿੰਨ ਦਹਾਕਿਆਂ ਵਿੱਚ ਸਹਾਨੂਰ ਨੇ ਇਸ ਸ਼ਮਸ਼ਾਨਘਾਟ ਨਾਲ ਡੂੰਘੀ ਸਾਂਝ ਬਣਾ ਲਿਆ ਹੈ। ਉਹ ਨਾ ਸਿਰਫ਼ ਇਥੇ ਸਾਫ਼ ਕਰਦੀ ਹੈ ਬਲਕਿ ਮਰੇ ਹੋਏ ਲੋਕਾਂ ਦੇ ਸਸਕਾਰ ਲਈ ਲੱਕੜ ਆਦਿ ਦਾ ਪ੍ਰਬੰਧ ਵੀ ਕਰਦੀ ਹੈ। ਦੇਹ ਸਸਕਾਰ ਲਈ ਮ੍ਰਿਤਕ ਦੇਹ ਨਾਲ ਆਉਣ ਵਾਲੇ ਲੋਕਾਂ ਨੂੰ ਜਿਸ ਚੀਜ਼ ਦੀ ਵੀ ਜ਼ਰੂਰਤ ਹੁੰਦੀ ਹੈ, ਸਹਾਨੂਰ ਉਨ੍ਹਾਂ ਨੂੰ ਮੁਹੱਈਆ ਕਰਵਾਉਂਦੀ ਹੈ। ਉਨ੍ਹਾਂ ਸ਼ਮਸ਼ਾਨਘਾਟ ਵਿੱਚ ਕਈ ਫ਼ਲਦਾਰ ਦਰੱਖਤ ਵੀ ਲਗਾਏ ਹਨ, ਜਿਸ ਵਿੱਚ ਅੰਬ, ਕੇਲਾ, ਅਮਰੂਦ ਆਦਿ ਸ਼ਾਮਲ ਹਨ।
ਸਹਾਨੂਰ ਲਈ ਸਾਰੇ ਧਰਮ ਇਕੋ ਸਮਾਨ
ਸਹਾਨੂਰ ਲਈ ਸਾਰੇ ਧਰਮ ਇਕੋ ਸਮਾਨ ਹਨ। ਉਹ ਕਦੇ ਵੀ ਆਪਣੀ ਸੇਵਾ ਲਈ ਕੋਈ ਮਾਣ ਭੱਤਾ ਨਹੀਂ ਲੈਂਦੀ। ਆਲੇ-ਦੁਆਲੇ ਸਮੇਤ ਵੱਖ-ਵੱਖ ਖੇਤਰਾਂ ਦੇ ਲੋਕ ਸਹਾਨੂਰ ਦੇ ਕੰਮਾਂ ਦੀ ਪ੍ਰਸ਼ੰਸਾ ਕਰਦੇ ਹਨ। ਪਿਛਲੇ ਸਾਲ 26 ਜਨਵਰੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਸ ਨੂੰ ਸਨਮਾਨਤ ਵੀ ਕੀਤਾ ਗਿਆ ਸੀ।
ਇਹ ਸੱਚ ਹੈ ਕਿ ਧਾਰਮਿਕ ਅਸਹਿਣਸ਼ੀਲਤਾ ਨੇ ਲੋਕਾਂ ਦੇ ਮਨਾਂ ਨੂੰ ਕਾਫ਼ੀ ਹੱਦ ਤਕ ਸੰਕਰਮਿਤ ਕੀਤਾ ਹੈ। ਸਹਾਨੂਰ ਵਰਗੀਆਂ ਆਮ ਹਸਤੀਆਂ ਅਤੇ ਲੋਕ ਅਜੇ ਵੀ ਹਨ ਜੋ ਸਮਾਜ ਵਿੱਚ ਏਕਤਾ ਅਤੇ ਮਨੁੱਖਤਾ ਨੂੰ ਮਜ਼ਬੂਤ ਕਰਨ ਦੇ ਯੋਗ ਹਨ।