ਸ੍ਰੀਨਗਰ: ਸੂਬੇ ਦੇ ਪੁਲਵਾਮਾ ਵਿਖੇ ਤ੍ਰਾਲ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਹੋਈ। ਇਸ ਵਿੱਚ ਮੋਸਟ ਵਾਂਟੇਡ ਅੱਤਵਾਦੀ ਦੇ ਮਾਰੇ ਜਾਣ ਦੀ ਖ਼ਬਰ ਹੈ।
ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਸ਼ਾਮ ਦੇ ਸਮੇਂ ਦਦਸਾਰਾ ਦੇ ਤ੍ਰਾਲ ਇਲਾਕੇ ਵਿੱਚ ਕੁਝ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਇਸ ਸੂਚਨਾ ਦੇ ਆਧਾਰ 'ਤੇ ਸੁਰੱਖਿਆ ਬਲਾਂ ਨੇ ਉੱਥੇ ਪਹੁੰਚ ਕੇ ਇਲਾਕੇ ਦੀ ਘੇਰਾਬੰਦੀ ਕਰ ਲਈ ਅਤੇ ਰਮਜ਼ਾਨ ਮਹੀਨੇ ਦੌਰਾਨ ਯੁੱਧਬੰਦੀ ਦੇ ਚਲਦੇ ਅੱਤਵਾਦੀਆਂ ਅਤੇ ਉਨ੍ਹਾਂ ਦੇ ਅੱਤਵਾਦੀ ਆਗੂ ਜ਼ਾਕਿਰ ਮੂਸਾ ਨੂੰ ਸਰੰਡਰ ਕਰਨ ਲਈ ਆਖਿਆ, ਪਰ ਸਰੰਡਰ ਕਰਨ ਦੀ ਬਜਾਏ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੇ ਜਵਾਨਾਂ ਉੱਤੇ ਗੋਲੀਬਾਰੀ ਕਰ ਦਿੱਤੀ। ਸੁਰੱਖਿਆ ਬਲ ਦੇ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਗੋਲੀਬਾਰੀ ਕੀਤੀ। ਲੰਮੇ ਸਮੇਂ ਤੱਕ ਚੱਲੀ ਇਸ ਮੁਠਭੇੜ ਵਿੱਚ ਅੱਤਵਾਦੀ ਆਗੂ ਜ਼ਾਕਿਰ ਮੂਸਾ ਮਾਰਿਆ ਗਿਆ।
ਇਸ ਘਟਨਾ ਤੋਂ ਬਾਅਦ ਘਾਟੀ ਵਿੱਚ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ। ਸੂਬੇ ਦੇ ਸੰਵੇਦਨਸ਼ੀਲ ਇਲਾਕਿਆਂ ਦੇ ਸੁਰੱਖਿਆ ਘੇਰੇ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ ਹੈ ਅਤੇ ਸੂਬੇ ਅੰਦਰ ਇੰਟਰਨੈਟ ਸੇਵਾਵਾਂ ਉੱਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
ਕੋਣ ਸੀ ਅੱਤਵਾਦੀ ਜ਼ਾਕਿਰ ਮੂਸਾ?
ਅੱਤਵਾਦੀ ਜ਼ਾਕਿਰ ਮੂਸਾ ਸਾਲ 2013 ਵਿੱਚ ਹਿਜ਼ਬੁਲ ਮੁਜ਼ਾਹਦੀਨ ਦੇ ਅੱਤਵਾਦੀ ਸੰਗਠਨ ਵਿੱਚ ਸ਼ਾਮਲ ਹੋ ਗਿਆ ਸੀ। ਉਹ ਲੰਮੇ ਸਮੇਂ ਤੱਕ ਅੱਤਵਾਦੀ ਬੁਰਹਾਨ ਵਾਨੀ ਦਾ ਸਹਿਯੋਗੀ ਸੀ ਅਤੇ ਇਸ ਸੰਗਠਨ ਦਾ ਕਮਾਂਡਰ ਵੀ ਸੀ। ਸਾਲ 2017 ਵਿੱਚ ਜ਼ਾਕਿਰ ਮੂਸਾ ਅਲ ਕਾਇਦਾ ਦੇ ਸੰਗਠਨ ਅਨਸਰ-ਗਜ਼ਵਤ-ਉਲ-ਹਿੰਦ 'ਚ ਸ਼ਾਮਲ ਹੋ ਗਿਆ। ਉਸ ਨੇ ਹੁਰਿਅਤ ਨੇਤਾਵਾਂ ਦੇ ਸਿਰ ਕਲਮ ਕਰ ਦੇਣ ਦੀ ਧਮਕੀ ਦਿੱਤੀ ਸੀ ਜਿਸ ਮਗਰੋਂ ਹਿਜ਼ਬੁਲ ਮੁਜ਼ਾਹਦੀਨ ਨੇ ਉਸ ਨਾਲ ਰਿਸ਼ਤਾ ਤੋੜ ਦਿੱਤਾ ਸੀ। ਜ਼ਾਕਿਰ ਮੂਸਾ ਨੂੰ ਸੋਸ਼ਲ ਮੀਡੀਆ ਉੱਤੇ ਅੱਤਵਾਦ ਦੇ ਪੋਸਟਰ ਬੁਆਏ ਵਜੋਂ ਵੀ ਜਾਣਿਆ ਜਾਂਦਾ ਸੀ। ਉਸ ਦੀ ਗ੍ਰਿਫਤਾਰੀ ਲਈ ਕਈ ਦੇਸ਼ਾਂ ਦੀ ਸਰਕਾਰਾਂ ਵੱਲੋਂ 12 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ।