ਹੈਦਰਾਬਾਦ: ਤੇਲੰਗਾਨਾ ਦੇ ਜੰਗਲਾਤ ਵਿਭਾਗ ਨੇ ਇੱਕ ਬਾਂਦਰ ਨੂੰ ਜ਼ਬਰਦਸਤੀ ਫਾਂਸੀ ਲਾਉਣ ਦੇ ਦੋਸ਼ ਵਿੱਚ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ 'ਤੇ 25 ਹਜ਼ਾਰ ਰੁਪਏ ਜੁਰਮਾਨਾ ਲਾਇਆ ਹੈ। ਬਾਂਦਰ ਨੂੰ ਇਸ ਤਰੀਕੇ ਨਾਲ ਫਾਂਸੀ ਲਗਾਉਣਾ ਇੱਕ ਬਹੁਤ ਹੀ ਅਣਮਨੁੱਖੀ ਘਟਨਾ ਹੈ। ਦੱਸ ਦਈਏ ਕਿ ਬਾਂਦਰ ਨੇ ਤਸੀਹੇ ਸਹਿ ਕੇ ਤੜਪਦੇ ਹੋਏ ਆਪਣੀ ਜਾਨ ਦੇ ਦਿੱਤੀ।
ਇਹ ਘਟਨਾ ਤੇਲੰਗਾਨਾ ਦੇ ਖੱਮਮ ਜ਼ਿਲ੍ਹੇ ਦੀ ਹੈ, ਜਿੱਥੇ 3 ਲੋਕਾਂ ਨੇ ਇੱਕ ਬਾਂਦਰ ਨੂੰ ਫੜ ਲਿਆ ਅਤੇ ਜ਼ਬਰਦਸਤੀ ਉਸ ਨੂੰ ਫਾਂਸੀ ਦੇ ਦਿੱਤੀ, ਜਿਸ ਨਾਲ ਬਾਂਦਰ ਦੀ ਮੌਤ ਹੋ ਗਈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਇਨ੍ਹਾਂ ਲੋਕਾਂ ਦੀ ਦਰਿੰਦਗੀ ਸਾਫ਼ ਦਿਖਾਈ ਦੇ ਰਹੀ ਹੈ। ਕਿਸੇ ਨੇ ਮੋਬਾਈਲ 'ਤੇ ਇਸ ਘਟਨਾ ਦੀ ਵੀਡੀਓ ਬਣਾਈ ਅਤੇ ਵਾਇਰਲ ਹੋ ਗਈ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਇਸ ਘਟਨਾ ਦੇ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਬਾਂਦਰਾਂ ਦਾ ਇੱਕ ਝੁੰਡ ਖੇਤਾਂ ਵਿੱਚ ਦਾਖ਼ਲ ਹੋਇਆ ਅਤੇ ਅੰਬ ਦੀ ਫਸਲ ਬਰਬਾਦ ਕਰ ਰਿਹਾ ਸੀ। ਇਸੇ ਦੌਰਾਨ ਬਾਂਦਰਾਂ ਦੇ ਝੁੰਡ ਵਿੱਚੋਂ ਇੱਕ ਬਾਂਦਰ ਕਿਸਾਨ ਦੇ ਘਰ ਨੇੜੇ ਆਇਆ ਅਤੇ ਪਾਣੀ ਦੇ ਟੱਬ ਵਿੱਚ ਜਾ ਡਿੱਗਿਆ, ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਫੜ ਲਿਆ। ਉਨ੍ਹਾਂ ਨੇ ਪਹਿਲਾਂ ਬਾਂਦਰ ਨੂੰ ਡੰਡਿਆਂ ਨਾਲ ਕੁੱਟਿਆ ਅਤੇ ਫਿਰ ਉਸ ਨੂੰ ਖੇਤ ਵਿੱਚ ਲੈ ਗਏ ਅਤੇ ਬਾਂਦਰ ਨੂੰ ਦਰੱਖਤ ਨਾਲ ਫਾਂਸੀ 'ਤੇ ਲਟਕਾ ਦਿੱਤਾ।