ਇਸ ਸੰਮੇਲਨ ਦੇ ਕਈ ਸਮਾਨਾਂਤਰ ਵਿਸ਼ੇਗਤ ਅਜਲਾਸ ਚੱਲਣੇ ਹਨ, ਜਿਹਨਾਂ ਵਿੱਚ ਭਵਿੱਖ ਦੇ ਆਰਥਿਕ ਰੁਝਾਨ, ਦੀਰਘ ਕਾਲਿਕ ਪਰਿਪੇਖ ਵਿੱਚ ਅਲਮੀ ਨਿਵੇਸ਼ ਨੂੰ ਨਵਾਂ ਸਰੂਪ ਦੇਣ ਵਿੱਚ ਸਵਾਇਤ ਧਨ ਨਿਧੀਆਂ ਦਾ ਯੋਗਦਾਨ, ਤੋਂ ਲੈ ਕੇ ਬਹੁ-ਧਰੁਵੀ ਸੰਸਾਰ ਵਿੱਚ ਨਿਵੇਸ਼ ਦੀ ਭੂਮਿਕਾ, ਤੇ ਕਈ ਹੋਰ ਅਜਿਹੇ ਹੀ ਵਿਸ਼ੇ ਪ੍ਰਮੁੱਖ ਤੌਰ ‘ਤੇ ਚਰਚਾ ਦਾ ਕੇਂਦਰ ਹੋਣਗੇ। ਭਾਰਤ ਦੇ ਚੋਟੀ ਦੇ ਉਦਯੋਗਪਤੀ ਮੁਕੇਸ਼ ਅੰਬਾਨੀ, ਉਸ ਪੈਨਲ ਦਾ ਹਿੱਸਾ ਸਨ, ਜਿਸ ਨੇ “ਆਇੰਦਾ ਦਹਾਕਾ: ਆਰਥਿਕ ਅਕਾਂਖਿਆ ਦਾ ਇੱਕ ਨਵਾਂ ਦੌਰ ਆਲਮੀ ਅਰਥਚਾਰੇ ‘ਤੇ ਕਿਸ ਕਦਰ ਅਸਰ-ਅੰਦਾਜ਼ ਹੋਵੇਗਾ” ਵਿਸ਼ੇ ‘ਤੇ ਅੱਜ ਸਵੇਰੇ ਚਰਚਾ ਕੀਤੀ।
ਸਾਊਦੀ ਅਰਬ ਨੇ, ਜੋ ਕਿ ਅਗਲੇ ਸਾਲ ਹੋਣ ਵਾਲੇ ਜੀ-20 ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰੇਗੀ, ਆਪਣੇ ਖਨਿਜ ਤੇਲ ‘ਤੇ ਅਧਾਰਿਤ ਅਰਥਚਾਰੇ ਦੀ ਕਾਇਆ-ਪਲਟ ਕਰਨ ਤੇ ਉਸ ਵਿੱਚ ਵਿਭਿੰਨਤਾ ਲੈ ਕੇ ਆਉਣ ਬਾਬਤ ਆਪਣੇ ‘ਵਿਜ਼ਨ 2030’ ਦਾ ਖ਼ਾਕਾ ਤੇ ਉਸਦੀ ਰੂਪ-ਰੇਖਾ ਤਿਆਰ ਕੀਤੀ ਹੈ। ਇਹ ਵਿਜ਼ਨ 2030, ਸਾਊਦੀ ਯੁਵਰਾਜ ਮੁਹੰਮਦ ਬਿਨ ਸਲਮਾਨ, ਜੋ ਕਿ ਸਾਊਦੀ ਅਰਬ ਦਾ ਅਘੋਸ਼ਿਤ ਅਸਲ ਸਾਸ਼ਕ ਹੈ, ਦੀ ਸੋਚ ਦੀ ਉਪ ਹੈ।
ਸਾਲ 2018 ਦੇ ਢੀ ਸੰਮੇਲਨ ਦੇ ਦੌਰਾਨ ਕਈ ਉੱਚਕੋਟੀ ਦੇ ਵਪਾਰਿਕ ਤੇ ਮੀਡੀਆ ਘਰਾਣਿਆਂ ਵੱਲੋਂ ਆਪਣੇ ਪੈਰ ਪਿੱਛਾਂਹ ਖਿੱਚ ਲਏ ਗਏ, ਜਿਸ ਦੀ ਵਜ੍ਹਾ ਵਾਸ਼ਿੰਗਟਨ ਪੋਸਟ ਦੇ ਨਾਮਾਨਿਗਾਰ ਜਮਾਲ ਖ਼ਸ਼ੋਗੀ ਦਾ, ਸਾਊਦੀ ਅਰਬ ਦੀ ਰਾਜਸੀ ਸੱਤਾ ਨਾਲ ਚੱਲਦੇ ਮੱਤ-ਭੇਦਾਂ ਦੇ ਚੱਲਦੇ, ਬੇਰਹਿਮੀ ਤੇ ਕਰੂਰਤਾ ਨਾਲ ਹੋਇਆ ਕਤਲ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ, ਜੋ ਕਿ ਪਿੱਛਲੇ ਵਰ੍ਹੇ ਇਸ ਸੰਮੇਲਨ ਦੇ ਮੁੱਖ ਵਕਤਾ ਸਨ, ਇਸ ਸਾਲ ਇਸ ਸੰਮੇਲਨ ਵਿੱਚ ਸ਼ਮੂਲੀਅਤ ਨਹੀ ਕਰ ਰਹੇ। ਇਹ ਦਿਲਚਸਪ ਹੈ ਕਿ ਇਸ ਵਰ੍ਹੇ ਦਾ ਮੁੱਖ ਸੰਦੇਸ਼ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੜ੍ਹਨਗੇ, ਜੋ ਕਿ ਭਾਰਤੀ ਸਮੇਂ ਅਨੁਸਾਰ ਅੱਜ ਰਾਤ 8 ਵੱਜੇ ਪੜ੍ਹਿਆ ਜਾਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਦੇਰ ਰਾਤ ਰਿਯਾਦ ਪਹੁੰਚੇ, ਤੇ ਉਹਨਾਂ ਦਾ ਪਹੁੰਚਣ ‘ਤੇ ਭਰਵਾਂ ਸਵਾਗਤ ਹੋਇਆ। ਪ੍ਰਧਾਨ ਮੰਤਰੀ ਮੋਦੀ ਅੱਜ ਆਪਣੇ ਦੌਰੇ ਦੇ ਦੋ-ਪੱਖੀ ਹਿੱਸੇ ਦੇ ਤਹਿਤ ਸਾਊਦੀ ਬਾਦਸ਼ਾਹ ਤੇ ਸਾਊਦੀ ਯੁਵਰਾਜ ਨੂੰ ਮਿਲਣਗੇ। ਪ੍ਰਧਾਨ ਮੰਤਰੀ ਆਪਣੇ ਭਾਸ਼ਣ ਦੇ ਦੌਰਾਨ ਹਿੰਦੋਸਤਾਨ ਦੇ ਆਰਥਿਕ ਵਿਕਾਸ, ਇਸਦੀਆਂ ਆਲਮੀ ਵਪਾਰਕ ਤੇ ਵਿੱਤੀ ਬਜ਼ਾਰ ਲਈ ਦੀਰਘ-ਕਾਲੀ ਅਸਰ, ਅਤੇ ਦੁਨੀਆ ਦੇ ਹਾਲੀਆ ਵਿੱਤੀ ਰੁਝਾਨਾਂ ਦੀ ਗੱਲ ਕਰਨਗੇ।
ਬਰਿਜਵਾਟਰ ਐਸੋਸੀਏਟਸ ਦੇ ਸੰਸਥਾਪਕ, ਕੋ-ਚੇਅਰਮੈਨ ਅਤੇ ਸਯੁੰਕਤ-ਮੁੱਖ ਨਿਵੇਸ਼ ਅਫ਼ਸਰ ਰੇਅ ਡੇਲੀਓ ਨਾਲ ਆਪਣੀ ਗੱਲਬਾਤ ਵਿੱਚ, ਪ੍ਰਧਾਨ ਮੰਤਰੀ ਮੋਦੀ ਉਹਨਾਂ ਰਣ-ਨੀਤੀਆਂ ਦੀ ਚਰਚਾ ਕਰਨਗੇ ਜਿਹਨਾਂ ਨੂੰ ਅਪਣਾ ਕੇ ਦਰਪੇਸ਼ ਜਨਸੰਖਿਅਕ, ਵਾਤਾਵਰਨਕ ਤੇ ਵਾਯੂਮੰਡਲੀ, ਤੇ ਰਸਦ-ਪੂਰਤੀ ਸਿਲਸਲੇ ਦੀਆਂ ਚੁਣੌਤੀਆਂ ਨੂੰ ਨਿਆਂਕਾਰੀ ਤੇ ਨਿਰਪੱਖ ਘਰੇਲੂ ਵਿਕਾਸ, ਤਰੱਕੀ ਤੇ ਖੁਸ਼ਹਾਲੀ ਦੇ ਸੁਨਹਿਰੀ ਮੌਕਿਆਂ ਵਿੱਚ ਬਦਲਿਆ ਜਾ ਸਕੇ।
ਸਾਲ 2016 ਦੇ ਆਪਣੇ ਸਾਉਦੀ ਅਰਬ ਦੇ ਦੌਰੇ ਦੌਰਾਨ, ਜਦੋਂ ਪ੍ਰਧਾਨ ਮੰਤਰੀ ਮੋਦੀ ਨੂੰ ਸਾਊਦੀ ਅਰਬ ਦੇ ਸਰਵ-ਉਚ ਨਾਗਰਿਕ ਸਨਮਾਨ-ਕਿੰਗ ਅਬਦੁਲ ਅਜ਼ੀਜ਼ ਸ਼ੈਸ਼ ਦੇ ਨਾਲ ਨਿਵਾਜਿਆ ਗਿਆ ਸੀ। ਪ੍ਰਧਾਨ ਮੰਤਰੀ ਮੋਦੀ ਨੇ ਉਚੇਚੇ ਤੌਰ ‘ਤੇ ਜ਼ਿਆਦਾ ਜੀਵਟ ਨਿਵੇਸ਼ ਕਾਰਜ ਵਿਧੀਆਂ ਤੇ ਰਣਨੀਤੀਆਂ ‘ਤੇ ਜ਼ੋਰ ਦਿੱਤਾ ਸੀ। ਸਾਊਦੀ ਅਰਬ, ਭਾਰਤ ਸਮੇਤ, ਸੰਸਾਰ ਦੇ ਅੱਠ ਮੁਲ਼ਕਾਂ ਦੇ ਨਾਲ ਰਣਨੀਤਕ ਭਾਈਵਾਲਤਾ ਕਾਇਮ ਕਰ ਰਿਹਾ ਹੈ। ਇਹ ਮੁਲ਼ਕ ਹਨ: ਭਾਰਤ, ਚੀਨ, ਇੰਗਲੈਂਡ, ਸੰਯੁਕਤ ਰਾਸ਼ਟਰ ਅਮਰੀਕਾ, ਫ਼ਰਾਂਸ, ਜਰਮਨੀ, ਦੱਖਣੀ ਕੋਰੀਆ ਤੇ ਜਪਾਨ। ਇਹ ਪਰਾਗਾਮੀ ਭਾਈਵਾਲਤਾ ਊਰਜਾ ਖੇਤਰ ਤੇ ਬਰਾਮਦੀ-ਦਰਾਮਦੀ ਰਿਸ਼ਤਿਆਂ ਤੋਂ ਕਿਤੇ ਹਟਕੇ ਹੈ।
ਸਾਊਦੀ ਅਰਬ ਦੇ ਦੌਰੇ ‘ਤੇ ਜਾਣ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਵਿੱਚ ਆਰਥਿਕ ਰਿਸ਼ਤਿਆਂ ਦੇ ਸਕੱਤਰ, ਸ਼੍ਰੀ ਟੀ.ਐਸ. ਤਰੀਮੂਰਤੀ ਦੇ ਅਨੁਸਾਰ: “ਊਰਜਾ ਦੇ ਖੇਤਰ ਵਿੱਚ ਭਾਰਤ ਦੀ ਸਾਊਦੀ ਅਰਬ ਨਾਲ ਸਾਂਝੀਵਾਲਤਾ ਹੋਰ ਵੀ ਗਹਿਰੀ ਹੋਈ ਹੈ, ਤੇ ਦੋਵੇਂ ਪੱਖ ਮਹਾਰਾਸ਼ਟਰ ਦੇ ਪੱਛਮੀ ਤੱਟ ‘ਤੇ ਬਨਣ ਜਾ ਰਹੇ ਰਾਏਗੜ ਤੇਲ ਸ਼ੋਧਕ ਕਾਰਖਾਨੇ ਨੂੰ ਲੈ ਕੇ ਸਮਝੌਤਾ ਅੰਤਿਮ ਰੂਪ ਦੇ ਕੇ ਅਗਾਂਹ ਕਦਮੀਂ ਕਰਨ ਵਾਲੇ ਹਨ। ਚੇਤੇ ਰਹੇ ਕਿ ਇਸ ਤੇਲ ਸ਼ੋਧਕ ਕਾਰਖਾਨੇ ਵਿੱਚ ਸਾਊਦੀ ਅਰਬ ਦੀ ਅਰਾਮਕੋ (Aramco) ਤੇ ਸੰਯੁਕਤ ਅਰਬ ਅਮੀਰਾਤ (UAE) ਦੀ ਐਡਨੌਕ (ADNOC) ਅਤੇ ਭਾਰਤ ਦੀਆਂ ਸਰਕਾਰੀ ਖੇਤਰ ਦੀਆਂ ਤੇਲ ਕੰਪਨੀਆਂ ਦਾ ਬਹੁੱਤ ਵੱਡਾ ਨਿਵੇਸ਼ ਹੋਣ ਜਾ ਰਿਹਾ ਹੈ। ਤੇ ਇਹ ਭਾਰਤ ਦਾ ਇੱਕ-ਮਾਤਰ ਸੱਭ ਤੋਂ ਵੱਡਾ ਗ੍ਰੀਨਫ਼ੀਲਡ ਤੇਲ ਸੋਧਕ ਕਾਰਖਾਨਾ ਹੋਵੇਗਾ।
ਅੱਜ ਦੀ ਗੱਲਬਾਤ ਦੌਰਾਨ ਦੋਵੇਂ ਪੱਖਾਂ ਵਿੱਚ ਇੱਕ ਸਾਂਝ ਉੱਧਮੀ MOU ਹੋਣ ਦੀ ਉਮੀਦ ਹੈ, ਜਿਸ ਅਨੁਸਾਰ ਇੰਡੀਅਨ ਔਇਲ ਮਿਡਲ ਈਸਟ ਅਤੇ ਸਾਉਦੀ ਅਰਬ ਦੀ ਅਲ-ਜੇਰੀ ਕੰਪਨੀ ਭਾਈਵਾਲਤਾ ਵਿੱਚ ਸਾਉਦੀ ਅਰਬ ਦੇ ਵਿੱਚ ਰਿਟੇਲ ਆਉਟਲੈਟ ਖੋਲਣਗੇ। ਭਾਰਤ ਵੀ ਫ਼ਿਲਹਾਲ ਆਪਣੇ ਨੈਸ਼ਨਲ ਇੰਫ਼ਰਾਸਟ੍ਰਕਚਰ ਇਨਵੈਸਟਮੈਂਟ ਫ਼ੰਡ (NIIF) ਵਿੱਚ ਸਾਊਦੀ ਅਰਬ ਦੇ ਨਿਵੇਸ਼ ਨੂੰ ਅੰਤਿਮ ਰੂਪ ਦੇ ਰਿਹਾ ਹੈ। ਸੁਰੱਖਿਆ ਤੇ ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਸਬੰਧੀ ਪਰਸਪਰ ਸਹਿਯੋਗ, ਭਾਰਤੀ-ਸਾਊਦੀ ਅਰਬ ਦੇ ਦੋ-ਪੱਖੀ ਰਿਸ਼ਤੇ ਦੇ ਮਹੱਤਵਪੂਰਨ ਸਤੰਭ ਹਨ।
ਸਾਊਦੀ ਅਰਬ ਦੇ ਵਿੱਚ ਤਕਰੀਬਨ 26 ਲੱਖ ਭਾਰਤੀ ਰਹਿੰਦੇ ਤੇ ਵੱਸਦੇ ਹਨ ਜੋ ਹਰ ਸਾਲ ਤਕਰੀਬਨ 11 ਅਰਬ ਅਮਰੀਕਨ ਡਾਲਰ ਦੀ ਕਮਾਈ ਹਿੰਦੋਸਤਾਨ ਵਿੱਚ ਭੇਜਦੇ ਹਨ। ਸਾਊਦੀ ਅਰਬ ਇੱਕ ਰਵਾਇਤੀ ਸਮਾਜ ਹੈ, ਜਿਸਨੇ ਹਾਲੀਆ ਹੀ ਆਪਣੇ ਦਰਵਾਜ਼ੇ ਆਲਮੀ ਸੈਰ-ਸਪਾਟੇ ਲਈ ਖੋਲੇ ਹਨ ਤੇ ਵਿਦੇਸ਼ੀ ਮਹਿਲਾ ਸੈਲਾਨੀਆਂ ਲਈ ਆਪਣੇ ਪੁਸ਼ਾਕ ਪਹਿਨਾਵੇ ਸਬੰਧੀ ਨਿਯਮ ਨਰਮ ਕੀਤੇ ਹਨ। ਵਿਦੇਸ਼ੀ ਮਹਿਲਾ ਪ੍ਰਯਟਕਾਂ ਨੂੰ ਆਪਣਾ ਸਿਰ ਢੱਕਣ ਦੀ ਹੁਣ ਕੋਈ ਦਰਕਾਰ ਨਹੀਂ। ਸਾਊਦੀ ਅਰਬ ਨੂੰ ਇਹ ਉਮੀਦ ਹੈ ਕਿ ਧਾਰਮਿਕ ਸੈਲਨਿਆਂ ਤੋਂ ਇਲਾਵਾ ਵੀ ਹਿੰਦੋਸਤਾਨ ਤੇ ਹੋਰਨਾਂ ਮੁਲਕਾਂ ਤੋਂ ਆਉਣ ਵਾਲੇ ਸੈਲਾਨੀਆਂ ਦੀ ਮੰਜ਼ਿਲ ਸਾਊਦੀ ਅਰਬ ਹੋਇਆ ਕਰੇਗੀ।
ਸਮਿਤਾ ਸ਼ਰਮਾ, ਰਿਯਾਦ