ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 'ਮਨ ਕੀ ਬਾਤ' ਰਾਹੀਂ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕੀਤਾ। ਜਨਤਾ ਨੂੰ ਦਿਵਾਲੀ ਦੀਆਂ ਵਧਾਈਆਂ ਦਿੰਦੇ ਹੋਏ ਪੀਐੱਮ ਨੇ ਕਿਹਾ ਕਿ ਦੁਨੀਆ ਦੇ ਅਨੇਕ ਦੇਸ਼ਾਂ ਵਿੱਚ ਦੀਵਾਲੀ ਮਨਾਈ ਜਾਂਦੀ ਹੈ। ਇਸ ਵਿੱਚ ਸਿਰਫ਼ ਭਾਰਤੀ ਭਾਈਚਾਰਾ ਸ਼ਾਮਲ ਹੁੰਦਾ ਹੈ, ਅਜਿਹਾ ਨਹੀਂ ਹੈ, ਸਗੋਂ ਹੁਣ ਕਈ ਦੇਸ਼ਾਂ ਦੀਆਂ ਸਰਕਾਰਾਂ, ਉੱਥੋਂ ਦੇ ਨਾਗਰਿਕ ਵੀ ਦੀਵਾਲੀ ਦੇ ਜੋਸ਼ ਵਿੱਚ ਸ਼ਾਮਲ ਹੁੰਦੇ ਹਨ।
ਮੋਦੀ ਨੇ ਕਿਹਾ ਕਿ ਆਉਂਦੀ 12 ਨਵੰਬਰ ਨੂੰ ਦੁਨੀਆ ਭਰ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼-ਪੁਰਬ ਮਨਾਇਆ ਜਾਵੇਗਾ। ਗੁਰੂ ਨਾਨਕ ਦੇਵ ਜੀ ਦਾ ਪ੍ਰਭਾਵ ਕੇਵਲ ਭਾਰਤ ਵਿੱਚ ਹੀ ਨਹੀਂ, ਸਗੋਂ ਸਮੁੱਚੇ ਵਿਸ਼ਵ 'ਚ ਹੈ। ਗੁਰੂ ਨਾਨਕ ਦੇਵ ਜੀ ਮੰਨਦੇ ਸਨ ਕਿ ਨਿਸ਼ਕਾਮ ਭਾਵਨਾ ਨਾਲ ਕੀਤੀ ਗਈ ਸੇਵਾ ਕਾਰਜ ਦੀ ਕਦੇ ਕੋਈ ਕੀਮਤ ਨਹੀਂ ਹੋ ਸਕਦੀ। ਮੋਦੀ ਨੇ ਕਿਹਾ ਕੁਝ ਦਿਨ ਪਹਿਲਾਂ ਤਕਰੀਬਨ 85 ਦੇਸ਼ਾਂ ਦੇ ਰਾਜਦੂਤ ਦਿੱਲੀ ਤੋਂ ਅੰਮ੍ਰਿਤਸਰ ਗਏ ਹੋਏ ਸਨ। ਰਾਜਦੂਤਾਂ ਨੇ ਹਰਿਮੰਦਰ ਸਾਹਿਬ ਦਾ ਦੌਰਾ ਕੀਤਾ, ਇਸ ਨਾਲ ਉਨ੍ਹਾਂ ਨੂੰ ਸਿੱਖ ਪਰੰਪਰਾ ਅਤੇ ਸਭਿਆਚਾਰ ਬਾਰੇ ਸਿੱਖਣ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਕਈ ਰਾਜਦੂਤਾਂ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਂਝਿਆਂ ਕੀਤੀਆਂ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਾਨੂੰ ਉਨ੍ਹਾਂ ਦੇ ਵਿਚਾਰ ਆਪਣੇ ਜੀਵਨ 'ਚ ਉਤਾਰਨ ਦੀ ਪ੍ਰੇਰਣਾ ਦੇਵੇ।
ਵੱਲਭਭਾਈ ਪਟੇਲ ਦਾ ਕੀਤਾ ਜ਼ਿਕਰ
ਪੀਐਮ ਨੇ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਸਰਦਾਰ ਵੱਲਭਭਾਈ ਪਟੇਲ ਨੇ ਰਿਆਸਤਾਂ ਨੂੰ ਇਕਜੁੱਟ ਕਰਨ ਦਾ ਬਹੁਤ ਮਹਾਨ ਅਤੇ ਇਤਿਹਾਸਕ ਕਾਰਜ਼ ਕੀਤਾ ਸੀ। ਇਹ ਸਰਦਾਰ ਵੱਲਭਭਾਈ ਪਟੇਲ ਦੀ ਵਿਸ਼ੇਸ਼ਤਾ ਸੀ, ਜਿਸਦੀ ਨਜ਼ਰ ਹਰ ਘਟਨਾ 'ਤੇ ਟਿਕੀ ਹੋਈ ਸੀ। ਇੱਕ ਪਾਸੇ ਉਨ੍ਹਾਂ ਦੀ ਨਜ਼ਰ ਹੈਦਰਾਬਾਦ, ਜੂਨਾਗੜ ਅਤੇ ਹੋਰ ਰਾਜਾਂ ਵੱਲ ਸੀ, ਜਦੋਂ ਕਿ ਦੂਜੇ ਪਾਸੇ ਉਹ ਦੂਰ ਦੱਖਣ ਦੇ ਲਕਸ਼ਦੀਪ 'ਤੇ ਵੀ ਕੇਂਦ੍ਰਿਤ ਸੀ। ਮੋਦੀ ਨੇ ਕਿਹਾ ਕਿ 31 ਅਕਤੂਬਰ ਨੂੰ ਰਨ ਫਾਰ ਯੂਨਿਟੀ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿਚ ਸਮਾਜ ਦੇ ਹਰ ਵਰਗ ਅਤੇ ਹਰ ਤਬਕੇ ਦੇ ਲੋਕ ਸ਼ਾਮਲ ਹੋਣਗੇ। 'ਰਨ ਫਾਰ ਯੂਨਿਟੀ' ਸੰਕੇਤ ਦਿੰਦੀ ਹੈ ਕਿ ਇਹ ਦੇਸ਼ ਇਕ ਹੈ।
ਮੋਦੀ ਨੇ ਇੰਦਰਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
ਮੋਦੀ ਨੇ ਕਿਹਾ ਕਿ 31 ਅਕਤੂਬਰ ਨੂੰ ਸਾਡੇ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਦਾ ਕਤਲ ਕੀਤਾ ਗਿਆ ਸੀ। ਜਿਸ ਨਾਲ ਦੇਸ਼ ਨੂੰ ਵੱਡਾ ਸਦਮਾ ਲੱਗਿਆ ਸੀ। ਮੈਂ ਅੱਜ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ।
ਮੋਦੀ ਨੇ ਕਿਹਾ ਕਿ ਆਖਰੀ ਦੀਵਾਲੀ ਅਸੀਂ ਫੈਸਲਾ ਕੀਤਾ ਸੀ ਕਿ ਅਸੀਂ ਇਸ ਦੀਵਾਲੀ 'ਤੇ ਕੁਝ ਵੱਖਰਾ ਕਰਾਂਗੇ। ਆਓ ਅਸੀਂ ਸਾਰੇ ਇਸ ਦੀਵਾਲੀ 'ਤੇ ਭਾਰਤ ਦੀ ਨਾਰੀ ਸ਼ਕਤੀ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਇਏ ਅਤੇ ਭਾਰਤ ਦੀ ਲਕਸ਼ਮੀ ਦਾ ਸਨਮਾਨ ਕਰੀਏ।