ਨਵੀਂ ਦਿੱਲੀ: ਚੋਟੀ ਪੱਧਰ ਦੇ ਮੰਤਰੀਆਂ ਅਤੇ ਫ਼ੌਜੀ ਅਧਿਕਾਰੀਆਂ ਨੇ ਚੀਨੀ ਆਰਮੀ ਪੀ.ਐਲ.ਏ ਨਾਲ 12 ਅਕਤੂਬਰ ਸ਼ੁੱਕਰਵਾਰ ਨੂੰ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਦੇ ਸੱਤਵੇਂ ਗੇੜ ਦੀ ਰਣਨੀਤੀ 'ਤੇ ਵਿਚਾਰ ਵਟਾਂਦਰੇ ਕੀਤੇ ਅਤੇ ਪੂਰਬੀ ਲੱਦਾਖ ਵਿੱਚ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ। ਪੂਰਬੀ ਲੱਦਾਖ ਵਿੱਚ ਟਕਰਾਅ ਦੀਆਂ ਬਿੰਦੂਆਂ ਤੋਂ ਫ਼ੌਜਾਂ ਦੀ ਵਾਪਸੀ ਲਈ ਇੱਕ ਢਾਂਚਾ ਤਿਆਰ ਕਰਨ ਲਈ ਇੱਕ ਵਿਸ਼ੇਸ਼ ਏਜੰਡੇ ਦੇ ਨਾਲ ਕੋਰ ਕਮਾਂਡਰਾਂ ਦੀ ਗੱਲਬਾਤ ਹੋਣ ਜਾ ਰਹੀ ਹੈ।
ਸੂਤਰਾਂ ਨੇ ਕਿਹਾ ਕਿ ਚਾਈਨਾ ਸਟੱਡੀ ਗਰੁੱਪ (ਸੀਐਸਜੀ) ਦੇ ਚੋਟੀ ਦੇ ਮੰਤਰੀਆਂ ਅਤੇ ਸੈਨਿਕ ਅਧਿਕਾਰੀਆਂ ਨੇ ਪੂਰਬੀ ਲੱਦਾਖ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਸੋਮਵਾਰ ਨੂੰ ਹੋਣ ਵਾਲੀ ਗੱਲਬਾਤ ਵਿੱਚ ਉਠਾਏ ਜਾਣ ਵਾਲੇ ਮੁੱਖ ਮੁੱਦਿਆਂ ਬਾਰੇ ਵਿਚਾਰ ਵਟਾਂਦਰੇ ਕੀਤੇ। ਸੀਐਸਜੀ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ, ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਰੱਖਿਆ ਸਟਾਫ਼ ਦੇ ਮੁਖੀ ਜਨਰਲ ਬਿਪਿਨ ਰਾਵਤ ਤੋਂ ਇਲਾਵਾ ਤਿੰਨ ਸੈਨਾ ਮੁਖੀ ਸ਼ਾਮਿਲ ਹਨ।
ਸੂਤਰਾਂ ਨੇ ਦੱਸਿਆ ਕਿ ਬੈਠਕ ਵਿੱਚ ਆਰਮੀ ਚੀਫ਼ ਜਨਰਲ ਐਮ ਐਮ ਨਰਵਾਣੇ ਨੇ ਪੂਰਬੀ ਲੱਦਾਖ ਦੇ ਮੌਜੂਦਾ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ। ਸੂਤਰਾਂ ਦੇ ਅਨੁਸਾਰ, ਦੋਵੇਂ ਧਿਰਾਂ ਜ਼ਮੀਨੀ ਪੱਧਰ 'ਤੇ ਸਥਿਰਤਾ ਕਾਇਮ ਰੱਖਣ ਲਈ ਅਗਲੇਰੇ ਕਦਮ ਚੁੱਕਣ 'ਤੇ ਵਿਚਾਰ ਕਰ ਸਕਦੀਆਂ ਹਨ ਅਤੇ ਤਣਾਅ ਪੈਦਾ ਕਰਨ ਵਾਲੀ ਕਾਰਵਾਈ ਤੋਂ ਪ੍ਰਹੇਜ਼ ਕਰ ਸਕਦੀਆਂ ਹਨ। ਵਿਦੇਸ਼ ਮੰਤਰਾਲੇ ਦਾ ਇੱਕ ਸੀਨੀਅਰ ਅਧਿਕਾਰੀ ਗੱਲਬਾਤ ਵਿੱਚ ਭਾਰਤੀ ਪ੍ਰਤੀਨਿਧੀ ਮੰਡਲ ਦਾ ਹਿੱਸਾ ਬਣ ਸਕਦਾ ਹੈ, ਜਿਸ ਦੀ ਅਗਵਾਈ ਭਾਰਤੀ ਸੈਨਾ ਵਿਚਲੇ ਲੇਹ ਦੀ 14 ਕੋਰ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਕਰਨਗੇ।
ਦੋਵਾਂ ਧਿਰਾਂ ਨੇ 21 ਸਤੰਬਰ ਨੂੰ ਫ਼ੌਜੀ ਗੱਲਬਾਤ ਦੇ ਆਖ਼ਰੀ ਦੌਰ ਤੋਂ ਬਾਅਦ ਕੁੱਝ ਫ਼ੈਸਲਿਆਂ ਦਾ ਐਲਾਨ ਕੀਤਾ, ਜਿਨ੍ਹਾਂ ਵਿੱਚ ਮੋਰਚੇ ਵਿੱਚ ਵਧੇਰੇ ਫ਼ੌਜ ਨਾ ਭੇਜਣਾ, ਇੱਕ ਤਰਫ਼ਾ ਤਰੀਕੇ ਨਾਲ ਜ਼ਮੀਨੀ ਸਥਿਤੀ ਨੂੰ ਬਦਲਣ ਤੋਂ ਬਚਣਾ ਅਤੇ ਹੋਰ ਗੁੰਝਲਦਾਰ ਚੀਜ਼ਾਂ ਤੋਂ ਬਚਣਾ ਸ਼ਾਮਿਲ ਹੈ।