ਸ਼੍ਰੀਨਗਰ: ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲੇ ਦੇ ਮਾਛਿਲ ਸੈਕਟਰ 'ਚ ਕੰਟਰੋਲ ਰੇਖਾ 'ਤੇ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਤਿੰਨ ਅੱਤਵਾਦੀਆਂ ਨੂੰ ਭਾਰਤੀ ਫੌਜ ਨੇ ਮਾਰ ਦਿੱਤਾ। ਇਸ ਦੌਰਾਨ ਸੈਨਾ ਦੇ ਇੱਕ ਕਰਨਲ ਸਮੇਤ ਚਾਰ ਜਵਾਨਾਂ ਨੇ ਸ਼ਹਾਦਤ ਹਾਸਲ ਕੀਤੀ। ਸ਼ਹੀਦ ਹੋਏ ਜਵਾਨਾਂ ਵਿਚੋਂ ਇੱਕ ਬੀਐਸਐਫ ਦਾ ਜਵਾਨ ਹੈ।
ਸੈਨਾ ਦੇ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਦੱਸਿਆ ਕਿ ਸਰਹੱਦੀ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੇ ਬੀਤੀ ਰਾਤ ਕੰਟਰੋਲ ਰੇਖਾ ਨੇੜੇ ਅੱਤਵਾਦੀਆਂ ਦੀਆਂ ਸ਼ੱਕੀ ਗਤੀਵਿਧੀਆਂ ਵੇਖੀਆਂ। ਇਸ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਫਾਇਰਿੰਗ ਸ਼ੁਰੂ ਹੋ ਗਈ।
ਉਨ੍ਹਾਂ ਕਿਹਾ ਕਿ ਸ਼ੁਰੂਆਤੀ ਗੋਲੀਬਾਰੀ ਵਿੱਚ ਇੱਕ ਬੀਐਸਐਫ ਦਾ ਜਵਾਨ ਸ਼ਹੀਦ ਹੋ ਗਿਆ ਤੇ ਅੱਤਵਾਦੀ ਮਾਰਿਆ ਗਿਆ ਸੀ। ਐਤਵਾਰ ਸਵੇਰੇ ਜਦੋਂ ਮੁੜ ਤੋਂ ਗੋਲੀਬਾਰੀ ਸ਼ੁਰੂ ਹੋਈ ਤਾਂ ਇਸ ਕਾਰਵਾਈ ਦੌਰਾਨ ਸੈਨਾ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਤੇ ਦੋ ਅੱਤਵਾਦੀ ਵੀ ਮਾਰੇ ਗਏ।
ਸ਼੍ਰੀਨਗਰ ਵਿੱਚ ਫੌਜ ਦੇ ਬੁਲਾਰੇ ਨੇ ਦੱਸਿਆ ਕਿ ਇਸ ਆਪ੍ਰੇਸ਼ਨ ਦੌਰਾਨ ਦੋ ਹੋਰ ਸੈਨਿਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਫੌਜ ਦੀ ਮੁਹਿੰਮ ਅਜੇ ਵੀ ਮਾਛਿਲ ਸੈਕਟਰ ਵਿੱਚ ਚੱਲ ਰਹੀ ਹੈ।
ਹਾਲਾਂਕਿ, ਫੌਜ ਦੇ ਬੁਲਾਰੇ ਨੇ ਪ੍ਰੈਸ ਕਾਨਫਰੰਸ ਵਿੱਚ ਸ਼ਹੀਦ ਫੌਜੀਆਂ ਦੇ ਨਾਵਾਂ ਦਾ ਜ਼ਿਕਰ ਨਹੀਂ ਕੀਤਾ।