ਨਵੀਂ ਦਿੱਲੀ: ਭਾਰਤੀ ਰੇਲਵੇ ਨੇ ਐਲਾਨ ਕੀਤਾ ਹੈ ਕਿ ਤਾਲਾਬੰਦੀ ਦੌਰਾਨ ਫਸੇ ਪਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਲਈ ਵਿਸ਼ੇਸ਼ ਰੇਲ ਗੱਡੀਆਂ ਹੁਣ ਪੂਰੀ ਸਮਰੱਥਾ ਨਾਲ ਚੱਲਣਗੀਆਂ। ਰੇਲਵੇ ਸੂਬਿਆਂ ਵੱਲੋਂ ਕੀਤੀ ਗਈ ਬੇਨਤੀ 'ਤੇ "ਸ਼੍ਰਮਿਕ ਸਪੈਸ਼ਲ" ਰੇਲ ਗੱਡੀਆਂ ਅੰਤਿਮ ਸਟਾਪ ਤੋਂ ਇਲਾਵਾ ਤਿੰਨ ਜਗ੍ਹਾ ਹੀ ਰੁਕਣਗੀਆਂ।
ਰੇਲਵੇ ਨੇ ਕਿਹਾ ਕਿ ਹਰੇਕ ਵਿਸ਼ੇਸ਼ ਰੇਲ ਗੱਡੀ ਵਿੱਚ ਯਾਤਰੀਆਂ ਦੀ ਸਮਰੱਥਾ ਰੇਲ ਵਿੱਚ ਸਲੀਪਰ ਬਰਥ ਦੀ ਗਿਣਤੀ ਦੇ ਬਰਾਬਰ ਹੋਣੀ ਚਾਹੀਦੀ ਹੈ। "ਸ਼੍ਰਮਿਕ ਸਪੈਸ਼ਲ" ਰੇਲ ਗੱਡੀਆਂ ਦੇ 24 ਕੋਚ ਹਨ ਅਤੇ ਹਰੇਕ ਕੋਚ 72 ਯਾਤਰੀਆਂ ਨੂੰ ਲਿਜਾਣ ਦੀ ਸਮਰੱਥਾ ਰੱਖਦੇ ਹਨ। ਪਹਿਲਾਂ ਇਹ ਰੇਲ ਗੱਡੀਆਂ ਸਮਾਜਿਕ ਦੂਰੀ ਦੇ ਨਿਯਮਾਂ ਕਾਰਨ ਹਰੇਕ ਕੋਚ ਵਿੱਚ 54 ਯਾਤਰੀਆਂ ਨਾਲ ਚੱਲ ਰਹੀਆਂ ਹਨ। 1 ਮਈ ਤੋਂ ਹੁਣ ਤੱਕ ਭਾਰਤੀ ਰੇਲਵੇ 5 ਲੱਖ ਤੋਂ ਵੱਧ ਯਾਤਰੀਆਂ ਨੂੰ ਲੈ ਕੇ ਜਾ ਚੁੱਕਾ ਹੈ।
ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰੇਲਵੇ ਵਿੱਚ ਪ੍ਰਤੀ ਦਿਨ 300 ਟ੍ਰੇਨਾਂ ਚਲਾਉਣ ਦੀ ਸਮਰੱਥਾ ਹੈ ਅਤੇ ਅਸੀਂ ਇਸ ਨੂੰ ਵੱਧ ਤੋਂ ਵੱਧ ਕਰਨਾ ਚਾਹੁੰਦੇ ਹਾਂ। ਅਸੀਂ ਅਗਲੇ ਕੁੱਝ ਦਿਨਾਂ ਵਿੱਚ ਵੱਧ ਤੋਂ ਵੱਧ ਪਰਵਾਸੀਆਂ ਨੂੰ ਘਰ ਲਿਜਾਣਾ ਚਾਹੁੰਦੇ ਹਾਂ ਅਤੇ ਸੂਬਿਆਂ ਨੂੰ ਮਨਜ਼ੂਰੀ ਭੇਜਣ ਦੀ ਅਪੀਲ ਕੀਤੀ ਹੈ।