ਲਖਨਊ: ਬਸਪਾ ਮੁਖੀ ਮਾਇਆਵਤੀ ਨੇ ਐਤਵਾਰ ਨੂੰ ਅਨਲੌਕ 4 ਸਬੰਧੀ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਇੱਕ ਸਮਾਨ ਨੀਤੀ ਦਾ ਸਵਾਗਤ ਕੀਤਾ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼ਨੀਵਾਰ ਨੂੰ ਅਨਲੌਕ 4 ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ, ਜਿਸ ਤਹਿਤ ਮੈਟਰੋ ਰੇਲ ਗੱਡੀਆਂ ਨੂੰ 7 ਸਤੰਬਰ ਤੋਂ ਪੜਾਅਵਾਰ ਢੰਗ ਨਾਲ ਸੇਵਾਵਾਂ ਮੁੜ ਤੋਂ ਚਾਲੂ ਕਰਨ ਦੀ ਆਗਿਆ ਦਿੱਤੀ ਜਾਏਗੀ, ਜਦਕਿ 21 ਸਤੰਬਰ ਤੋਂ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਇਕੱਠਾਂ ਵਿੱਚ 100 ਲੋਕਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਹਾਲਾਂਕਿ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕੁੱਝ ਰਾਹਤ ਦੇ ਨਾਲ ਸਕੂਲ, ਕਾਲਜ, ਵਿਦਿਅਕ ਅਤੇ ਕੋਚਿੰਗ ਸੰਸਥਾਵਾਂ 30 ਸਤੰਬਰ ਤੱਕ ਬੰਦ ਰਹਿਣਗੀਆਂ।
ਮਾਇਆਵਤੀ ਨੇ ਹਿੰਦੀ 'ਚ ਟਵੀਟ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਦੀ ਇੱਕ ਸਮਾਨ ਨੀਤੀ ਦਾ ਸਵਾਗਤ ਹੈ। ਇਹ ਲੰਬੇ ਸਮੇਂ ਤੋਂ ਬਸਪਾ ਦੀ ਮੰਗ ਹੈ। ਇਹ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਆੜ ਵਿੱਚ ਸਿਆਸਤ ਵਿੱਚ ਪੈਣ 'ਤੇ ਰੋਕੇਗਾ ਅਤੇ ਜਨਤਾ ਨੂੰ ਵਧੇਰੇ ਸਹੂਲਤਾਂ ਮਿਲਣਗੀਆਂ।
ਇੱਕ ਮਹੱਤਵਪੂਰਨ ਨਿਰਦੇਸ਼ ਵਿੱਚ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਸੂਬਾ ਸਰਕਾਰਾਂ ਕੇਂਦਰ ਸਰਕਾਰ ਨਾਲ ਬਿਨ੍ਹਾਂ ਸਲਾਹ ਮਸ਼ਵਰਾ ਕੀਤੇ ਕੰਟੇਨਮੈਂਟ ਜ਼ੋਨਾਂ ਦੇ ਬਾਹਰ ਕੋਈ ਸਥਾਨਕ ਤਾਲਾਬੰਦੀ ਨਹੀਂ ਲਗਾਉਣਗੀਆਂ।