ਪਟਨਾ: ਬਿਹਾਰ ਵਿੱਚ ਇੱਕ ਵਾਰ ਫਿਰ ਬਿਜਲੀ ਡਿੱਗਣ ਕਾਰਨ 14 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਬਿਹਾਰ ਦੇ ਪਟਨਾ, ਬੇਗੂਸਰਾਏ, ਭੋਜਪੁਰ, ਵੈਸ਼ਾਲੀ ਤੇ ਸੁਪੋਲ ਤੋਂ ਇਲਾਵਾ ਕਈ ਹੋਰ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਦੱਸਿਆ ਹੈ ਕਿ ਇਨ੍ਹਾਂ ਜ਼ਿਲ੍ਹਿਆਂ ਦੇ ਕੁਝ ਭਾਗਾਂ ਵਿੱਚ ਅਗਲੇ 2 ਤੋਂ 3 ਘੰਟਿਆਂ ਵਿੱਚ ਬਿਜਲੀ ਦੇ ਨਾਲ ਹਲਕਾ ਮੀਂਹ ਵੀ ਪੈ ਸਕਦਾ ਹੈ।

ਦੱਸ ਦੇਈਏ ਕਿ ਬਿਜਲੀ ਡਿੱਗਣ ਕਾਰਨ ਪਾਲੀਗੰਜ 'ਚ 5, ਮੋਤਿਹਾਰੀ 'ਚ 4, ਕਟਿਹਾਰ 'ਚ 2, ਸ਼ਿਵਹਰ 'ਚ 2, ਬੇਤੀਆ ਵਿੱਚ 1 ਵਿਅਕਤੀ ਦੀ ਮੌਤ ਹੋਈ ਹੈ।

ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਮੌਸਮ ਵਿਭਾਗ ਨੇ 2 ਦਿਨਾਂ ਲਈ ਕਈ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਸਾਵਧਾਨ ਰਹਿਣ ਲਈ ਵੀ ਕਿਹਾ ਗਿਆ ਹੈ। ਪ੍ਰਸਾਸ਼ਨ ਨੇ ਵੀ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਬਿਜਲੀ ਡਿੱਗਣ ਕਾਰਨ 105 ਲੋਕਾਂ ਦੀ ਮੌਤ ਹੋਈ ਸੀ, ਜਿਸ ਤੋਂ ਬਾਅਦ ਸੀਐਮ ਨੀਤੀਸ਼ ਕੁਮਾਰ ਨੇ ਪੀੜਤ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ 4-4 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਵੀ ਕੀਤਾ ਸੀ।
