ਪੈਰਿਸ: ਲੇਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਹੋਏ ਭਿਆਨਕ ਧਮਾਕੇ ਤੋਂ ਬਾਅਦ ਜਿਥੇ ਬਚਾਅ ਕਾਰਜਾਂ ਵਿੱਚ ਸ਼ਾਮਲ ਕਰਮਚਾਰੀ ਲਾਸ਼ਾਂ ਦੀ ਗਿਣਤੀ ਕਰ ਰਹੇ ਹਨ ਅਤੇ ਮਲਬੇ ਵਿੱਚ ਜ਼ਿੰਦਾ ਲੋਕਾਂ ਦੀ ਭਾਲ ਕਰ ਰਹੇ ਹਨ, ਉਥੇ ਹੀ ਕਈ ਦੇਸ਼ ਮਦਦ ਲਈ ਅੱਗੇ ਆ ਰਹੇ ਹਨ।
ਲੇਬਨਾਨ ਪਹਿਲਾਂ ਹੀ ਇੱਕ ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਹੈ ਅਤੇ ਇਸ ਸੰਕਟ ਵਿੱਚ ਉਸ ਦੀ ਮੁਸ਼ਕਲ ਨੂੰ ਹੋਰ ਵੱਧਾ ਦਿੱਤਾ ਹੈ।
ਇਸ ਧਮਾਕੇ ਨਾਲ ਘੱਟੋ-ਘੱਟ 135 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਹਜ਼ਾਰਾਂ ਜ਼ਖਮੀ ਹੋਏ ਹਨ। ਆਸਟ੍ਰੇਲੀਆ ਤੋਂ ਇੰਡੋਨੇਸ਼ੀਆ ਅਤੇ ਯੂਰਪ ਤੋਂ ਅਮਰੀਕਾ, ਮਦਦ ਲਈ ਸਰਚ ਟੀਮਾਂ ਭੇਜਣ ਲਈ ਤਿਆਰ ਹਨ।
ਫਰਾਂਸ ਅਤੇ ਲੇਬਨਾਨ ਵਿਚਾਲੇ ਵਿਸ਼ੇਸ਼ ਸਬੰਧਾਂ ਦਾ ਪ੍ਰਦਰਸ਼ਨ ਕਰਦੇ ਹੋਏ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵੀਰਵਾਰ ਨੂੰ ਲੇਬਨਾਨ ਆਉਣਗੇ।
ਪੈਰਿਸ ਨੇ ਬੁੱਧਵਾਰ ਨੂੰ ਮਾਹਰਾਂ, ਬਚਾਅ ਕਰਮਚਾਰੀਆਂ ਅਤੇ ਜ਼ਰੂਰੀ ਸਮਾਨਾਂ ਦੀਆਂ 2 ਖੇਪਾਂ ਭੇਜੀਆਂ।
ਉਥੇ ਹੀ ਯੂਰੋਪੀਅਨ ਯੂਨੀਅਨ ਆਪਣੇ ਸਿਵਲ ਡਿਫੈਂਸ ਪ੍ਰਣਾਲੀ ਦੀ ਵਰਤੋਂ ਕਰਦਿਆਂ ਐਮਰਜੈਂਸੀ ਕਰਮਚਾਰੀ ਅਤੇ ਉਪਕਰਣ ਭੇਜ ਰਿਹਾ ਹੈ। ਯੂਨੀਅਨ ਕਮਿਸ਼ਨ ਨੇ ਕਿਹਾ ਕਿ ਉਹ 100 ਫਾਇਰ ਬ੍ਰਿਗੇਡ ਕਰਮਚਾਰੀ, ਖੋਜੀ ਕੁੱਤੇ ਅਤੇ ਉਪਕਰਣਾਂ ਨੂੰ ਤੁਰੰਤ ਵਾਹਨਾਂ ਸਮੇਤ ਭੇਜਣ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਸ਼ਹਿਰੀ ਖੇਤਰ ਵਿੱਚ ਫਸੇ ਲੋਕਾਂ ਦਾ ਪਤਾ ਲਗਾਇਆ ਜਾ ਸਕੇ। ਚੇਕ ਰਿਪਬਲਿੱਕ, ਜਰਮਨੀ, ਗ੍ਰੀਸ, ਪੋਲੈਂਡ ਅਤੇ ਨੀਦਰਲੈਂਡ ਵੀ ਸਹਿਯੋਗ ਲਈ ਪਹੁੰਚੇ ਹਨ ਅਤੇ ਕਈ ਹੋਰ ਦੇਸ਼ ਵੀ ਇਸ ਕੋਸ਼ਿਸ਼ ਵਿੱਚ ਆ ਸਕਦੇ ਹਨ।
ਸਾਈਪ੍ਰਸ ਬਚਾਅ ਟੀਮਾਂ ਅਤੇ ਸਰਚ ਕੁੱਤੇ ਵੀ ਭੇਜ ਰਿਹਾ ਹੈ।
ਰੂਸ ਨੇ ਮੋਬਾਈਲ ਹਸਪਤਾਲ ਸਥਾਪਤ ਕੀਤੇ ਹਨ ਅਤੇ 50 ਐਮਰਜੈਂਸੀ ਕਰਮਚਾਰੀ ਅਤੇ ਸਿਹਤ ਕਰਮਚਾਰੀ ਭੇਜੇ ਹਨ। ਇਸ ਤੋਂ ਇਲਾਵਾ ਰੂਸ ਨੇ 3 ਹੋਰ ਵਿਮਾਨ ਭੇਜੇ ਹਨ।
ਇਸ ਦੇ ਨਾਲ ਹੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਸ਼ੁਰੂ ਵਿੱਚ ਲੇਬਨਾਨ ਨੂੰ 20 ਲੱਖ ਆਸਟ੍ਰੇਲੀਆਈ ਡਾਲਰ ਦੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ, ਤਾਂ ਜੋ ਰਾਹਤ ਕਾਰਜਾਂ ਵਿੱਚ ਸਹਾਇਤਾ ਦਿੱਤੀ ਜਾ ਸਕੇ।
ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਸਹਾਇਤਾ ਵਰਲਡ ਫੂਡ ਪ੍ਰੋਗਰਾਮ ਅਤੇ ਭੋਜਨ ਦੇਖਭਾਲ ਅਤੇ ਜ਼ਰੂਰੀ ਚੀਜ਼ਾਂ ਲਈ ਰੈਡ ਕਰਾਸ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਦੇਸ਼ ਹੋਰ ਖੇਪਾਂ ‘ਤੇ ਵਿਚਾਰ ਕਰ ਰਿਹਾ ਹੈ।