ਨਵੀਂ ਦਿੱਲੀ: ਸ੍ਰੀ ਗੁਰੂ ਨਾਨਕ ਦੇਵ ਜੀ 550 ਸਾਲਾਂ ਗੁਰੂ ਪੁਰਬ ਨੂੰ ਲੈ ਕੇ ਪਾਕਿਸਤਾਨ ਵੱਲੋਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਕਰਤਾਰਪੁਰ ਕੋਰੀਡੋਰ ਦੀ ਓਪਨਿੰਗ ਸੈਰੇਮਨੀ ਲਈ ਰਸਮੀ ਤੌਰ ਉੱਤੇ ਦਿੱਤੇ ਗਏ ਸੱਦੇ ਨੂੰ ਲੈ ਕੇ ਪਾਕਿ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਅੱਜ ਕਿਹਾ ਹੈ ਕਿ ਮਨਮੋਹਨ ਸਿੰਘ ਪਾਕਿਸਤਾਨ ਮਹਿਮਾਨ ਵਜੋਂ ਨਹੀਂ ਆਮ ਇਨਸਾਨ ਦੇ ਤੋਰ 'ਤੇ ਆਉਣਗੇ।
ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਪਾਕਿਸਤਾਨ ਦੇ ਇੱਕ ਟੀਵੀ ਚੈਨਲ ਵਿੱਚ ਇੰਟਰਵਿਊ ਦਿੰਦੇ ਦੱਸਿਆ ਕਿ ਪਾਕਿਸਤਾਨ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰੇਗਾ। ਇਸ ਮੌਕੇ ਉਨ੍ਹਾਂ ਇਹ ਦਾਅਵਾ ਕਰਦਿਆਂ ਕਿਹਾ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ 'ਚ ਆਉਣ ਦਾ ਪਾਕਿ ਵੱਲੋਂ ਭੇਜਿਆ ਸੱਦਾ ਸਵੀਕਾਰ ਕਰ ਲਿਆ ਹੈ। ਕੁਰੈਸ਼ੀ ਨੇ ਕਿਹਾ ਕਿ ਮਨਮੋਹਨ ਸਿੰਘ ਨੇ ਉਨ੍ਹਾਂ ਨੂੰ ਇੱਕ ਪੱਤਰ ਰਾਹੀਂ ਲਿਖਿਆ ਹੈ ਕਿ ਉਹ ਉਦਘਾਟਨ ਸਮਾਰੋਹ 'ਚ ਆਉਣਗੇ ਪਰ ਇਕ ਮੁੱਖ ਮਹਿਮਾਨ ਵਜੋਂ ਨਹੀਂ ਸਗੋਂ ਇਕ ਆਮ ਆਦਮੀ ਵਾਂਗ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਦਾ ਸਵਾਗਤ ਕਰਾਂਗੇ। ਕੁਰੈਸ਼ੀ ਨੇ ਇਸ ਦੇ ਲਈ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਧੰਨਵਾਦ ਕੀਤਾ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਕਰਤਾਰਪੁਰ ਕੋਰੀਡੋਰ ਦੀ ਓਪਨਿੰਗ ਸੈਰੇਮਨੀ ਲਈ ਰਸਮੀ ਤੌਰ ਉੱਤੇ ਸੱਦਾ ਦਿੱਤਾ ਸੀ। ਕਰਤਾਰਪੁਰ ਲਾਂਘਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ 3 ਦਿਨ ਪਹਿਲਾਂ 9 ਨਵੰਬਰ ਨੂੰ ਖੋਲ੍ਹ ਦਿੱਤਾ ਜਾਵੇਗਾ। ਭਾਰਤ ਤੇ ਪਾਕਿਸਤਾਨ ਨੇ ਦੋਵੇਂ ਪਾਸੇ ਗੇਟ ਵੀ ਲਗਾ ਦਿੱਤੇ ਹਨ, ਜਿੱਥੋਂ ਸ਼ਰਧਾਲੂਆਂ ਦਾ ਆਉਣਾ-ਜਾਣਾ ਹੋਵੇਗਾ।