ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਪਾਰਟੀ 'ਚੋਂ ਕੱਢਣ ਦੀ ਕਥਿਤ ਤੌਰ 'ਤੇ ਸੂਬਾ ਇਕਾਈ ਦੀ ਕੋਰ ਕਮੇਟੀ ਵੱਲੋਂ ਕੀਤੀ ਗਈ। ਇਸ ਸਿਫਾਰਿਸ਼ 'ਤੇ ਜੀਕੇ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ।
ਦੱਸ ਦਈਏ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੀ ਕੋਰ ਕਮੇਟੀ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹੋਈ ਇੱਕ ਖ਼ਾਸ ਮੀਟਿੰਗ ਦੌਰਾਨ ਜੀਕੇ ਦੇ ਕਈ ਕਥਿਤ ਘੁਟਾਲ਼ੇ ਤੇ ‘ਧਨ ਦੇ ਗ਼ਬਨ’ ਗਿਣਵਾਏ ਸਨ। ਇਨ੍ਹਾਂ ਕਥਿਤ ਘੁਟਾਲਿਆਂ ਬਾਰੇ ਬਾਕਾਇਦਾ ਮਤੇ ਪਾਸ ਕੀਤੇ ਗਏ ਸਨ।
ਇਨ੍ਹਾਂ ਬਾਰੇ ਜਵਾਬ ਦਿੰਦਿਆਂ ਜੀਕੇ ਨੇ ਦੱਸਿਆ ਕਿ ਉਹ 7 ਦਿਸੰਬਰ 2018 ਨੂੰ ਹੀ ਦਿੱਲੀ ਕਮੇਟੀ ਅਤੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਆਪਣਾ ਅਸਤੀਫ਼ਾ ਪਾਰਟੀ ਪ੍ਰਧਾਨ ਨੂੰ ਸੌਂਪ ਚੁੱਕੇ ਹਨ। ਇਸ ਦੇ ਨਾਲ ਹੀ ਉਹ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਨੂੰ ਵੀ ਤਿਆਗ ਚੁੱਕੇ ਹਨ। ਇਸ ਕਰਕੇ ਸਿਰਫ਼ ਅਖ਼ਬਾਰੀ ਸੁਰਖੀਆਂ ਨੂੰ ਜਨਮ ਦੇਣ ਤੇ ਮੈਨੂੰ ਪਾਰਟੀ ਹਾਈਕਮਾਨ ਤੋਂ ਪੰਜਾਬ ਵਿੱਚ ਹੋਈ ਹਾਰ ਦੇ ਸੰਬੰਧ 'ਚ ਜਵਾਬਤਲਬੀ ਕਰਣ ਤੋਂ ਰੋਕਣ ਲਈ ਸਾਰੀ ਸਾਜ਼ਿਸ਼ ਰਚੀ ਜਾ ਰਹੀ ਹੈ। ਹਾਲਾਂਕਿ ਇੱਕ ਪਾਸੇ ਪਾਰਟੀ ਦੀ ਦਿੱਲੀ ਇਕਾਈ ਭੰਗ ਹੈ, ਤੇ ਦੂਜੇ ਪਾਸੇ ਭੰਗ ਇਕਾਈ ਦੀ ਕੋਰ ਕਮੇਟੀ ਫ਼ੈਸਲੇ ਲੈਣ ਦੀ ਜ਼ਲਦਬਾਜੀ ਵਿੱਚ ਮਸ਼ਗੂਲ ਹੈ।
ਜੀਕੇ ਨੇ ਸਵਾਲ ਕੀਤਾ ਕਿ ਜਿਨ੍ਹਾਂ ਨੂੰ ਪੰਥਕ ਹਲਕਿਆਂ ਨੇ ਆਪਣੇ ਦਿੱਲ ਅਤੇ ਦਿਮਾਗ 'ਚੋਂ ਇਨ੍ਹਾਂ ਚੋਣਾਂ ਵਿੱਚ ਕੱਢ ਦਿੱਤਾ ਹੈਂ, ਉਹ ਮੈਨੂੰ ਪਾਰਟੀ ਚੋਂ ਕੀ ਕੱਢਣਗੇਂ ? ਜੀਕੇ ਨੇ ਕਿਹਾ ਕਿ ਪੰਥਕ ਮਸਲਿਆਂ ਉੱਤੇ ਕੌਮ ਦੇ ਸਵਾਲਾਂ ਦਾ ਜਵਾਬ ਦੇਣ ਵਿੱਚ ਅਸਮਰਥ ਰਹੀ ਪਾਰਟੀ ਹਾਈਕਮਾਨ ਮਤਦਾਨ ਦੀ ਪਹਿਲੀ ਸ਼ਾਮ ਕਾਂਗਰਸ ਆਗੂ ਸੈਮ ਪਿਤਰੋਦਾ ਦੇ ਬਿਆਨ ਦਾ ਸਿਆਸੀ ਫਾਇਦਾ ਚੁੱਕਣ ਵਿੱਚ ਵੀ ਸਫ਼ਲ ਨਹੀਂ ਹੋਈ। ਜੀਕੇ ਨੇ ਕੌਮ ਦੇ ਨਾਂਅ ਖੁੱਲ੍ਹਾ ਪੱਤਰ ਲਿਖਕੇ ਅਕਾਲੀ ਦਲ ਦੀ ਲੱਗੀ ਸਿਆਸੀ ਢਾਹ 'ਤੇ ਸਿੱਖ ਬੁੱਧਿਜੀਵੀਆਂ ਨੂੰ ਮੰਥਨ ਕਰਣ ਦੀ ਵੀ ਅਪੀਲ ਕੀਤੀ ਹੈ।
ਜੀਕੇ ਨੇ ਦਾਅਵਾ ਕੀਤਾ ਕਿ ਪਾਰਟੀ ਆਪਣੇ ਆਧਾਰ ਵੋਟਰ ਕਿਸਾਨ ਅਤੇ ਪੰਥ ਦੋਹਾਂ ਨੂੰ ਬਚਾਉਣ ਵਿੱਚ ਨਾਕਾਮ ਰਹੀ ਹੈਂ। ਇਸ ਕਰਕੇ ਉਸਦਾ ਜਵਾਬ ਦੇਣ ਦੀ ਥਾਂ ਮੇਰਾ ਮੂੰਹ ਬੰਦ ਕਰਵਾ ਰਹੀਆਂ ਹਨ।
ਦੱਸ ਦਈਏ, ਮੀਡੀਆ ਦੇ ਕੁੱਝ ਹਲਕਿਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਵਿੱਚ ਹੋਈ ਕੋਰ ਕਮੇਟੀ ਦੀ ਬੈਠਕ ਵਿੱਚ ਇਸ ਸਬੰਧੀ ਮੱਤਾ ਪਾਸ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜਣ ਦਾ ਦਾਅਵਾ ਕੀਤਾ ਗਿਆ ਸੀ।