ਨਵੀਂ ਦਿੱਲੀ: ਕੇਂਦਰੀ ਜਾਂਚ ਏਜੰਸੀ ਨੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਓਐਸਡੀ (ਆਫ਼ਿਸਰ ਆਨ ਸਪੈਸ਼ਲ ਡਿਊਟੀ) ਨੂੰ 2 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਹੁਣ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਬਿਆਨ ਆਇਆ ਹੈ।
ਮਨੀਸ਼ ਸਿਸੋਦੀਆ ਨੇ ਕਿਹਾ, "ਮੈਨੂੰ ਪਤਾ ਲੱਗਿਆ ਹੈ ਕਿ ਸੀਬੀਆਈ ਨੇ ਇਕ ਜੀਐਸਟੀ ਇੰਸਪੈਕਟਰ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਹੈ। ਇਹ ਅਧਿਕਾਰੀ ਮੇਰੇ ਦਫਤਰ ਵਿੱਚ ਬਤੌਰ ਓਐਸਡੀ ਤਾਇਨਾਤ ਸੀ। ਸੀਬੀਆਈ ਨੂੰ ਤੁਰੰਤ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ। ਮੈਂ ਪਿਛਲੇ 5 ਸਾਲਾਂ ਵਿੱਚ ਅਜਿਹੇ ਬਹੁਤ ਸਾਰੇ ਭ੍ਰਿਸ਼ਟ ਅਧਿਕਾਰੀ ਫੜਵਾਏ ਹਨ।"
ਦੱਸ ਦਈਏ ਕਿ ਗੋਪਾਲ ਕ੍ਰਿਸ਼ਨ ਮਾਧਵ ਨਾਂਅ ਦੇ ਇੱਕ ਅਧਿਕਾਰੀ ਨੂੰ ਬੀਤੀ ਦੇਰ ਰਾਤ ਜੀਐਸਟੀ ਨਾਲ ਸਬੰਧਤ 2 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ ਤੁਰੰਤ ਪੁੱਛਗਿੱਛ ਲਈ ਸੀਬੀਆਈ ਹੈੱਡਕੁਆਰਟਰ ਲਿਜਾਇਆ ਗਿਆ। ਸੂਤਰਾਂ ਮੁਤਾਬਕ ਇਸ ਮਾਮਲੇ ਵਿੱਚ ਸਿਸੋਦੀਆ ਦੀ ਭੂਮਿਕਾ ਸਾਹਮਣੇ ਨਹੀਂ ਆਈ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ।