ਨਵੀਂ ਦਿੱਲੀ: ਰਾਜਧਾਨੀ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਪੋਸਟਰ ਲਗਾਏ ਜਾਣ 'ਤੇ ਸਿਆਸਤ ਭੱਖਦੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਦੇ ਬੁਲਾਰੇ ਤੇਜਿੰਦਰ ਪਾਲ ਸਿੰਘ ਬੱਗਾ ਨੇ ਮਮਤਾ ਬੈਨਰਜੀ ਦੇ ਖ਼ਿਲਾਫ਼ ਦਿੱਲੀ ਵਿੱਖੇ ਕਈ ਥਾਵਾਂ 'ਤੇ ਪੋਸਟਰ ਲਗਵਾਏ ਹਨ।
ਪੋਸਟਰ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਦੀ ਸਾੜੀ ਨੂੰ ਸਿਆਸੀ ਖ਼ੂਨ ਨਾਲ ਰੰਗੀਆਂ ਦਿਖਾਇਆ ਗਿਆ ਹੈ। ਪੋਸਟਰ ਵਿੱਚ ਦਿਖਾਇਆ ਗਿਆ ਹੈ ਕਿ ਮਮਤਾ ਬੈਨਰਜੀ ਪ੍ਰਧਾਨ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿੱਚ ਕਿਉਂ ਨਹੀਂ ਆਈ। ਇਹ ਪੋਸਟਰ ਪਟੇਲ ਚੌਕ, ਰਾਜੀਵ ਚੌਕ, ਮੰਡੀ ਹਾਉਸ, ਬਾਰਾਖੰਭਾ ਰੋਡ, ਭਾਰਤੀ ਜਨਤਾ ਪਾਰਟੀ ਦਿੱਲੀ ਦੇ ਪ੍ਰਦੇਸ਼ ਦਫ਼ਤਰ, ਪਟੇਲ ਨਗਰ, ਕਰੋਲ ਬਾਗ, ਨਵੀਂ ਦਿੱਲੀ ਖ਼ੇਤਰਾਂ ਵਿੱਚ ਲਗਾਏ ਸਨ।
ਤੁਹਾਨੂੰ ਦੱਸ ਦਈਏ ਕਿ ਪੱਛਮੀ ਬੰਗਾਲ ਵਿੱਚ ਲੋਕ ਸਭਾ ਚੋਣਾਂ ਦੌਰਾਨ ਦਿੱਲੀ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦੇ ਵੱਡੀ ਗਿਣਤੀ ਵਰਕਰ ਪੱਛਮੀ ਬੰਗਾਲ ਪਹੁੰਚੇ ਸਨ। ਚੋਣ ਪ੍ਰਚਾਰ ਸਮੇਂ ਹੋਈ ਹਿੰਸਾ ਤੋਂ ਬਾਅਦ ਤੇਜਿੰਦਰ ਪਾਲ ਸਿੰਘ ਬੱਗਾ ਨੂੰ ਉਨ੍ਹਾਂ ਦੇ ਹੋਟਲ ਚੋਂ ਗ੍ਰਿਫ਼ਤਾਰ ਕੀਤਾ ਸੀ ਜਿਸ ਤੋਂ ਬਾਅਦ ਬੱਗਾ ਨੇ ਇਸ ਨੂੰ ਮਮਤਾ ਬੈਨਰਜੀ ਦੀ ਇੱਕ ਸਾਜਿਸ਼ ਦੱਸਿਆ ਸੀ।
ਇਸ ਮਾਮਲੇ ਵਿੱਚ ਬੱਗਾ ਨੇ ਕਿਹਾ ਕਿ ਉਹ ਘਟਨਾ ਸਥਾਨ 'ਤੇ ਨਹੀਂ ਸਨ। ਜਿਸ ਤੋਂ ਬਾਅਦ ਪੱਛਮੀ ਬੰਗਲ ਵਿੱਚ ਚੋਣ ਪ੍ਰਚਾਰ ਦੌਰਾਨ ਭਾਜਪਾ ਦੇ 80 ਤੋਂ ਜਿਆਦਾ ਵਰਕਰਾਂ ਦੀ ਮੌਤ ਹੋਣ ਦੀ ਖ਼ਬਰ ਆਈ। ਇਸ ਤੋਂ ਬਾਅਦ ਕਈ ਸਿਆਸੀ ਦੂਸ਼ਣਬਾਜੀਆਂ ਦੇ ਮਾਮਲੇ ਸਾਹਮਣੇ ਆਏ।
ਬੱਗਾ ਨੇ ਕਿਹਾ ਕਿ ਮਮਤਾ ਬੈਨਰਜੀ ਨੇ ਪਾਪ ਕੀਤਾ ਹੈ ਇਸ ਲਈ ਉਹ ਲੋਕਾਂ ਤੋਂ ਆਪਣਾ ਚਿਹਰਾ ਲੁਕਾ ਰਹੇ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦ ਤੇਜਿੰਦਰ ਪਾਲ ਸਿੰਘ ਨੇ ਦਿੱਲੀ ਵਿਖੇ ਅਜਿਹੇ ਪੋਸਟਰ ਲਗਵਾਏ ਹੋਣ, ਇਸ ਤੋਂ ਪਹਿਲਾਂ ਵੀ ਰਾਜਧਾਨੀ ਵਿੱਚ ਇਸ ਤਰ੍ਹਾਂ ਦੇ ਪੋਸਟਰ ਲਗਵਾਏ ਜਾ ਚੁੱਕੇ ਹਨ।