ਨਵੀਂ ਦਿੱਲੀ: ਮਹਾਰਾਸ਼ਟਰ ਦੇ ਵਿੱਤ ਮੰਤਰੀ ਤੇ ਭਾਜਪਾ ਨੇਤਾ ਸੁਧੀਰ ਮੁਨਗੰਟੀਵਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇ 7 ਨਵੰਬਰ ਤੱਕ ਕੋਈ ਸਰਕਾਰ ਨਹੀਂ ਬਣਦੀ ਤਾਂ ਸੂਬੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਹੋ ਸਕਦਾ ਹੈ।
ਮਹਾਰਾਸ਼ਟਰ ਵਿੱਚ ਸਰਕਾਰ ਦੇ ਗਠਜੋੜ ਕਰਨ ਵਿੱਚ ਰੁਕਾਵਟ ਇਹ ਆ ਰਹੀ ਹੈ ਕਿ ਸ਼ਿਵਸੈਨਾ ਨੇ ਢਾਈ ਸਾਲ ਦੇ ਲਈ ਮੁੱਖ ਮੰਤਰੀ ਅਹੁਦੇ ਦੀ ਮੰਗ ਕੀਤੀ। ਸ਼ਿਵਸੈਨਾ ਵੱਲੋਂ ਇਹ ਟਿੱਪਣੀ ਉਦੋਂ ਕੀਤੀ ਗਈ ਜਦੋਂ 21 ਅਕਤੂਬਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋਣਾ ਸੀ। ਇਸ ਤੋਂ ਬਾਅਦ ਹੁਣ ਤੱਕ ਸੂਬਾ ਸਰਕਾਰ ਗੱਠਜੋੜ ਨੂੰ ਲੈ ਕੇ ਸਪਸ਼ਟ ਸਥਿਤੀ 'ਚ ਨਹੀਂ ਹੈ। ਵਿਧਾਨ ਸਭਾ ਦਾ ਕਾਰਜਕਾਲ 8 ਨਵੰਬਰ ਨੂੰ ਸਮਾਪਤ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦੇ ਲੋਕ ਇਕ ਪਾਰਟੀ ਨੂੰ ਨਹੀਂ ਸਗੋਂ ਮਹਾਯੁਤੀ ਨੂੰ ਚਾਹੁੰਦੇ ਹਨ ਤੇ ਕਿਹਾ ਕਿ ਸਾਡਾ ਗੱਠਜੋੜ ਫੈਵੀਕੋਲ 'ਤੇ ਅਬੁੰਜਾ ਸੀਮੇਂਟ ਤੋਂ ਵੀ ਮਜ਼ਬੂਤ ਹੈ। ਸੁਧੀਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੀਵਾਲੀ ਦੇ ਕਾਰਨ ਭਾਜਪਾ ਤੇ ਸ਼ਿਵਸੈਨਾ ਦੇ ਵਿੱਚ ਗੱਲਬਾਤ ਦੇਰੀ ਨਾਲ ਹੋਈ ਸੀ। ਉਨ੍ਹਾਂ ਨੇ ਦੱਸਿਆ ਕਿ ਘੱਟ ਸਮੇਂ ਵਿੱਚ ਨਵੀਂ ਸਰਕਾਰ ਬਣਾਉਣੀ ਹੋਵੇਗੀ। ਜੇ ਦਿੱਤੇ ਸਮੇਂ 'ਚ ਸਰਕਾਰ ਨਹੀਂ ਬਣਦੀ ਤਾਂ ਰਾਸ਼ਟਰਪਤੀ ਸ਼ਾਸਨ ਲਾਗੂ ਹੋ ਜਾਵੇਗਾ।