ਰੁਦਰਪ੍ਰਯਾਗ: ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਮੰਦਾਕਿਨੀ ਅਤੇ ਅਲਕਨੰਦਾ ਨਦੀਆਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। ਨਦੀਆਂ ਵਿੱਚ ਪਾਣੀ ਦਾ ਪੱਧਰ ਵੱਧਣ ਨਾਲ ਨਮਾਮੀ ਗੰਗੇ ਯੋਜਨਾ ਤਹਿਤ ਬਣੇ ਸਾਰੇ ਇਸ਼ਨਾਨ ਘਾਟ ਡੁੱਬ ਚੁੱਕੇ ਹਨ। ਜਦੋਂ ਕਿ, ਨਗਰ ਨਿਗਮ ਦਫ਼ਤਰ ਦੇ ਪੁੱਲ ਹੇਠਾਂ ਅਲਕਨੰਦਾ ਨਦੀ ਕੰਢੇ ਬਣੀ ਭਗਵਾਨ ਸ਼ਿਵ ਦੀ 20 ਫੁੱਟ ਦੀ ਮੂਰਤੀ ਵੀ ਗਲੇ ਤੱਕ ਡੁੱਬ ਚੁੱਕੀ ਹੈ। ਜੇਕਰ ਮੀਂਹ ਦਾ ਸਿਲਸਿਲਾ ਇੰਝ ਹੀ ਜਾਰੀ ਰਿਹਾ ਤਾਂ ਭਗਵਾਨ ਸ਼ਿਵ ਦੀ ਮੂਰਤੀ ਨੂੰ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬਣ ਵਿੱਚ ਸਮਾਂ ਨਹੀਂ ਲੱਗੇਗਾ। ਉੱਥੇ ਹੀ, ਭਾਰੀ ਮੀਂਹ ਦੇ ਚੱਲਦੇ ਆਲੇ ਦੁਆਲੇ ਦੇ ਮਕਾਨਾਂ ਨੂੰ ਖ਼ਤਰਾ ਬਣਿਆ ਹੋਇਆ ਹੈ।
ਦੱਸ ਦਈਏ ਕਿ ਮੌਸਮ ਵਿਭਾਗ ਨੇ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਅਜਿਹੇ ਵਿੱਚ ਚਮੋਲੀ ਜ਼ਿਲ੍ਹੇ ਵਿੱਚ ਵੀ ਬੀਤੇ ਕਈ ਦਿਨਾਂ ਤੋਂ ਲਗਾਤਾਰ ਮੀਂਹ ਜਾਰੀ ਹੈ। ਜਿਸ ਕਾਰਨ ਅਲਕਨੰਦਾ ਨਦੀ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ। ਮੀਂਹ ਦੇ ਕਾਰਨ ਘਾਟਾਂ ਉੱਤੇ ਬਣਾਈ ਗਈ ਸੁਰੱਖਿਆ ਰੇਲਿੰਗ ਵੀ ਟੁੱਟ ਗਈ ਹੈ। ਘਾਟ ਕੰਢੇ ਲੱਗੀਆਂ ਸਟ੍ਰੀਟ ਲਾਈਟਾਂ ਵੀ ਨਦੀ ਵਿੱਚ ਵਹਿ ਗਈਆਂ ਹਨ। ਭਾਰੀ ਮੀਂਹ ਕਾਰਨ ਭਗਵਾਨ ਸ਼ਿਵ ਦੀ ਮੂਰਤੀ ਵੀ ਡੁੱਬਣ ਕਿਨਾਰੇ ਹੈ।
ਉੱਥੇ ਹੀ ਕੇਦਾਰਘਾਟੀ ਵਿੱਚ ਵੀ ਲਗਾਤਾਰ ਤੇਜ਼ ਮੀਂਹ ਪੈਣ ਕਾਰਨ ਮੰਦਾਕਿਨੀ ਨਦੀ ਵਿੱਚ ਪਾਣੀ ਪੱਧਰ ਕਾਫ਼ੀ ਵੱਧ ਗਿਆ ਹੈ। ਅਜਿਹੇ ਵਿੱਚ ਕੇਦਾਰਘਾਟੀ ਦੇ ਲੋਕਾਂ ਵਿੱਚ ਸਾਲ 2013 ਵਰਗੀ ਆਪਦਾ ਦਾ ਡਰ ਬਣਿਆ ਹੋਇਆ ਹੈ।