ਸ੍ਰੀਨਗਰ: ਜੰਮੂ ਕਸ਼ਮੀਰ ਵਿਚ ਸੁਰੱਖਿਆ ਬਲਾਂ ਨੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਇਕ ਅੱਤਵਾਦੀ ਨੂੰ ਜ਼ਿੰਦਾ ਗ੍ਰਨੇਡ ਅਤੇ ਗੋਲਾ ਬਾਰੂਦ ਸਮੇਤ ਕਾਬੂ ਕੀਤਾ ਹੈ।
ਜੰਮੂ ਕਸ਼ਮੀਰ ਪੁਲਿਸ ਦੁਆਰਾ ਜਾਰੀ ਇੱਕ ਬਿਆਨ ਵਿੱਚ ਦੱਸਿਆ ਗਿਆ, "ਹਾਜਿਨ ਸ਼ਹਿਰ ਵੱਲ ਅੱਤਵਾਦੀਆਂ ਦੀ ਹਰਕਤ ਬਾਰੇ ਜਾਣਕਾਰੀ ਮਿਲੀ ਸੀ। ਅੱਤਵਾਦੀ ਵਿਨਾਸ਼ਕਾਰੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਸਨ। ਜਾਣਕਾਰੀ ਦੇ ਅਧਾਰ 'ਤੇ ਬਾਂਦੀਪੋਰਾ ਪੁਲਿਸ, 13 ਰਾਸ਼ਟਰੀ ਰਾਈਫਲਜ਼ (ਆਰਆਰ) ਅਤੇ ਸੀਆਰਪੀਐਫ ਦੀ 45ਵੀਂ ਬਟਾਲੀਅਨ ਵੱਲੋਂ ਕਾਰਵਾਈ ਕੀਤੀ ਗਈ।"
ਜੰਮੂ ਕਸ਼ਮੀਰ ਦੀ ਪੁਲਿਸ ਨੇ ਦੱਸਿਆ ਕਿ ਅੱਤਵਾਦੀਆਂ ਨੂੰ ਨੱਥ ਪਾਉਣ ਲਈ ਹਾਜੀਨ ਸ਼ਹਿਰ ਦੇ ਹਕਬਾਰਾ ਖੇਤਰ ਵਿੱਚ ਇੱਕ ਸੰਯੁਕਤ ਬੈਰੀਅਰ ਸਥਾਪਤ ਕੀਤਾ ਗਿਆ ਸੀ। ਇਸ ਬਿੰਦੂ 'ਤੇ ਅੱਤਵਾਦੀ ਰਫੀਕ ਅਹਿਮਦ ਨੇ ਇਕ ਗ੍ਰਨੇਡ ਸੁੱਟਣ ਦੀ ਕੋਸ਼ਿਸ਼ ਕੀਤੀ। ਇਸ ਨੂੰ ਨਾਕਾਮ ਕਰਦਿਆਂ ਪੁਲਿਸ ਨੇ ਰਫੀਕ ਨੂੰ ਗ੍ਰਿਫਤਾਰ ਕਰ ਲਿਆ।
ਅੱਤਵਾਦੀ ਨੂੰ ਦੋ ਗ੍ਰਨੇਡ ਅਤੇ ਏਕੇ 47 ਦੀਆਂ 19 ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਉਹ ਹਾਲ ਹੀ ਵਿੱਚ ਲਸ਼ਕਰ ਅੱਤਵਾਦੀ ਸੰਗਠਨ ਵਿੱਚ ਸ਼ਾਮਲ ਹੋਇਆ ਸੀ। ਅੱਤਵਾਦੀ ਨੂੰ ਪੁਲਿਸ ਅਤੇ ਸੁਰੱਖਿਆ ਬਲਾਂ 'ਤੇ ਗ੍ਰਨੇਡਾਂ ਨਾਲ ਹਮਲਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਹਾਜੀਨ ਪੁਲਿਸ ਨੇ ਅੱਤਵਾਦੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।