ਫ਼ਰੀਦਾਬਾਦ: ਸਰਵ ਸਮਾਜ ਨੇ ਐਤਵਾਰ ਨੂੰ ਨਿਕਿਤਾ ਤੋਮਰ ਕਤਲ ਕੇਸ ਦੇ ਸੰਬੰਧ ਵਿੱਚ ਇੱਕ ਮਹਾਂ ਪੰਚਾਇਤ ਸੱਦੀ ਸੀ। ਇਸ ਮਹਾਂ ਪੰਚਾਇਤ ਵਿੱਚ ਮੰਗ ਕੀਤੀ ਗਈ ਸੀ ਕਿ ਨਿਕਿਤਾ ਤੋਮਰ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਫਾਂਸੀ ਦਿੱਤੀ ਜਾਵੇ। ਇਸ ਮੰਗ 'ਤੇ ਲੋਕਾਂ ਨੇ ਨੈਸ਼ਨਲ ਹਾਈਵੇ -2 ਨੂੰ ਜਾਮ ਕਰ ਦਿੱਤਾ।
ਨੈਸ਼ਨਲ ਹਾਈਵੇ ਉੱਤੇ ਜਾਮ ਲੱਗਣ ਤੋਂ ਬਾਅਦ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਉੱਤੇ ਲਾਠੀਚਾਰਜ ਕਰਨਾ ਸ਼ੁਰੂ ਕਰ ਦਿੱਤਾ ਗਿਆ। ਪੁਲਿਸ ਨੇ ਜਿਵੇਂ ਹੀ ਲਾਠੀਚਾਰਜ ਕਰ ਨੌਜਵਾਨਾਂ ਨੂੰ ਹਾਈਵੇ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨਾਂ ਨੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਪੁਲਿਸ ਅਤੇ ਨੌਜਵਾਨਾਂ ਵਿਚਾਲੇ ਪੱਥਰ ਅਤੇ ਡੰਡੇ ਚੱਲੇ। ਪ੍ਰਦਰਸ਼ਨਕਾਰੀਆਂ ਨੇ ਦੁਕਾਨਾਂ ਦੀ ਵੀ ਭੰਨਤੋੜ ਕੀਤੀ। ਫਿਲਹਾਲ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਪੁਲਿਸ ਫੋਰਸ ਸੱਦੀ ਗਈ ਹੈ। ਦੱਸਣਯੋਗ ਹੈ ਕਿ 21 ਸਾਲਾ ਵਿਦਿਆਰਥੀ ਨਿਕਿਤਾ ਤੋਮਰ ਦਾ ਸੋਮਵਾਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਕਤਲ ਦੇ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਕਤਲੇਆਮ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ। ਤੌਸੀਫ ਨਾਂ ਦੇ ਮੁੱਖ ਮੁਲਜ਼ਮ ਨੇ ਨਿਕਿਤਾ ਦਾ ਕਤਲ ਕੀਤਾ ਸੀ। ਹਰਿਆਣਾ ਸਰਕਾਰ ਨੇ ਮਾਮਲੇ ਦੀ ਜਾਂਚ ਲਈ ਐਸਆਈਟੀ ਟੀਮ ਗਠਿਤ ਕੀਤੀ ਹੈ ਅਤੇ ਕੇਸ ਨੂੰ ਫਾਸਟ ਟਰੈਕ ਅਦਾਲਤ ਵਿੱਚ ਚਲਾਉਣ ਦੇ ਆਦੇਸ਼ ਦਿੱਤੇ ਹਨ। ਇਸ ਮਾਮਲੇ ਵਿੱਚ ਲਵ ਜਿਹਾਦ ਐਂਗਲ ਨਾਲ ਵੀ ਜਾਂਚ ਕੀਤੀ ਜਾ ਰਹੀ ਹੈ।