ਮੇਹਸਾਨਾ: ਗੁਜਰਾਤ ਦੀ ਇੱਕ ਮਹਿਲਾ ਕਾਂਸਟੇਬਲ ਅਰਪਿਤਾ ਚੌਧਰੀ ਨੂੰ ਟਿਕ ਟੌਕ ਵੀਡੀਓ ਬਣਾਉਣੀ ਮਹਿੰਗੀ ਪੈ ਗਈ। ਟਿਕ ਟੌਕ ਵੀਡੀਓ ਕਾਰਨ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦਰਅਸਲ, ਅਰਪਿਤਾ ਚੌਧਰੀ ਨੇ ਪੁਲਿਸ ਥਾਣੇ 'ਚ ਵੀਡੀਓ ਬਣਾਈ ਸੀ ਜੋ ਕਿ ਵਾਇਰਲ ਹੋ ਗਈ। ਇਸ ਤੋਂ ਬਾਅਦ ਉਸ ਵਿਰੁੱਧ ਐਕਸ਼ਨ ਲਿਆ ਗਿਆ ਤੇ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ।
ਟਿਕ ਟੌਕ ਦੀ ਇਸ ਵੀਡੀਓ 'ਚ ਅਰਪਿਤਾ ਚੌਧਰੀ ਪੁਲਿਸ ਸਟੇਸ਼ਨ 'ਚ ਲੌਕ-ਅੱਪ ਦੇ ਸਾਹਮਣੇ ਖੜ੍ਹੀ ਹੋਈ ਹੈ। ਡਿਪਟੀ ਸੁਪਰੀਟੇਂਡੈਂਟ ਨੇ ਦੱਸਿਆ ਕਿ ਅਰਪਿਤਾ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਇੱਕ ਤਾਂ ਉਸ ਨੇ ਵਰਦੀ ਨਹੀਂ ਪਾਈ ਹੋਈ ਸੀ ਤੇ ਦੂਜਾ ਕੰਮ ਛੱਡ ਕੇ ਉਸ ਨੇ ਵੀਡੀਓ ਬਣਾਈ। ਪੁਲਿਸ ਮੁਲਾਜ਼ਮਾਂ ਨੂੰ ਅਨੁਸ਼ਾਸਨ ਦਾ ਪਾਲਣ ਕਰਨਾ ਚਾਹੀਦਾ ਹੈ ਜੋ ਉਸ ਨੇ ਨਹੀਂ ਕੀਤਾ। ਇਸ ਲਈ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਅਰਪਿਤਾ ਨੇ ਵੀਡੀਓ 20 ਜੁਲਾਈ ਨੂੰ ਬਣਾਈ ਸੀ ਤੇ ਬਾਅਦ 'ਚ ਉਸ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰ ਦਿੱਤਾ।