ਨਵੀਂ ਦਿੱਲੀ: ਸੋਮਵਾਰ ਦੀ ਰਾਤ ਨੂੰ ਗਲਵਾਨ ਘਾਟੀ, ਪੂਰਬੀ ਲੱਦਾਖ਼ ਵਿੱਚ ਭਾਰਤ ਅਤੇ ਚੀਨ ਦੇ ਸੈਨਿਕਾਂ ਵਿਚ ਹਿੰਸਕ ਝੜਪਾਂ ਹੋਈਆਂ। ਇਸ ਵਿਚ ਭਾਰਤੀ ਸੈਨਾ ਦੇ ਇਕ ਕਰਨਲ ਸਣੇ 20 ਜਵਾਨ ਮਾਰੇ ਗਏ ਸਨ।
ਇਸ ਦੇ ਨਾਲ ਹੀ ਪੀਟੀਆਈ ਨੇ ਅਮਰੀਕੀ ਖ਼ੁਫੀਆ ਰਿਪੋਰਟਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਗਲਵਾਨ ਘਾਟੀ ਵਿੱਚ ਹੋਈਆਂ ਝੜਪਾਂ ਦੌਰਾਨ ਚੀਨੀ ਪੱਖ ਦੇ 35 ਫੌਜੀ ਮਾਰੇ ਗਏ।
ਇਸ ਮਾਮਲੇ ਨੂੰ ਲੈ ਕੇ ਸਾਰੇ ਦੇਸ਼ ਵਿਚ ਚੀਨ ਖ਼ਿਲਾਫ਼ ਗੁੱਸਾ ਸੋਸ਼ਲ ਮੀਡੀਆ 'ਤੇ ਦੇਖਿਆ ਜਾ ਰਿਹਾ ਹੈ। ਇਸ ਦੌਰਾਨ ਕਵੀ ਕੁਮਾਰ ਵਿਸ਼ਵਾਸ ਨੇ ਪ੍ਰਧਾਨ ਮੰਤਰੀ ਮੋਦੀ ਦੇ ਟਵੀਟ ‘ਤੇ ਵੀ ਮੁੜ ਟਵੀਟ ਕੀਤਾ ਕਿ ਚੀਨੀ ਕੰਪਨੀਆਂ ਦੇ ਠੇਕੇ ਰੱਦ ਕੀਤੇ ਜਾਣ, ਉਨ੍ਹਾਂ ਦੇ ਨਿਵੇਸ਼ ਨੂੰ ਖ਼ਤਮ ਕੀਤੇ ਜਾਣ ਅਤੇ ਚੀਨੀ ਉਤਪਾਦਾਂ ਦੇ ਬਰਾਬਰ ਦੀਆਂ ਭਾਰਤੀ ਕੰਪਨੀਆਂ ਨੂੰ ਟੈਕਸ ਛੋਟ ਦਿੱਤੀ ਜਾਵੇ।
ਉਨ੍ਹਾਂ ਅੱਗੇ ਲਿਖਿਆ ਕਿ ਅਸੀਂ ਮਹਾਰਾਣਾ ਦੇ ਵੰਸ਼ਜ ਹਾਂ ਜੋ ਘਾਹ ਦੀਆਂ ਰੋਟੀ ਖਾਣ ਤੋਂ ਬਾਅਦ ਵੀ ਦੇਸ਼ ਦੇ ਸਵੈ-ਮਾਣ ਲਈ ਲੜੇ ਸੀ। ਨਾਲ ਹੀ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਹੌਂਸਲਾ ਜੁਟਾਉਣ ਲਈ ਕਿਹਾ।
ਨਿਊਜ਼ ਏਜੰਸੀ ਏਐਨਆਈ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਗਲਵਾਨ ਘਾਟੀ ਵਿੱਚ ਮਾਰੇ ਗਏ ਲੋਕਾਂ ਵਿੱਚ ਚੀਨੀ ਯੂਨਿਟ ਦਾ ਕਮਾਂਡਿੰਗ ਅਧਿਕਾਰੀ ਸੀ। ਕਿੰਨੇ ਚੀਨੀ ਸੈਨਿਕ ਮਾਰੇ ਗਏ, ਵੱਖ-ਵੱਖ ਸਰੋਤਾਂ ਤੋਂ ਵੱਖਰੀ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ।