ਸ੍ਰੀਨਗਰ: ਕੁਪਵਾੜਾ, ਤੰਗਧਾਰ ਅਤੇ ਹੰਦਵਾੜਾ ਤੋਂ ਆਏ ਸੈਂਕੜੇ ਗੁਰਜਰ, ਬਕਰਵਾਲ ਅਤੇ ਹੋਰ ਕਸ਼ਮੀਰੀ ਲੋਕਾਂ ਨੇ ਧਾਰਾ 370 ਨੂੰ ਹਟਾਉਣ ਸਬੰਧੀ ਝੂਠੇ ਬਿਆਨ ਦੇ ਰਹੇ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਨੂੰ ਨਕਾਰਦਿਆਂ ਬਾਂਗੁਸ ਆਵਾਮ ਮੇਲਾ ਲਗਾਇਆ। ਸੋਮਵਾਰ ਨੂੰ ਸ਼ੁਰੂ ਹੋਏ 2 ਰੋਜ਼ਾ ਸਲਾਨਾ ਮੇਲੇ ਵਿੱਚ ਲੋਕਾਂ ਦੀ ਭੀੜ ਵੇਖੀ ਗਈ। ਮੇਲੇ ਦਾ ਆਯੋਜਨ ਬਹੁਤ ਧੂਮਧਾਮ ਨਾਲ ਕੀਤਾ ਗਿਆ।
ਮੇਲੇ ਦੇ ਪਹਿਲੇ ਦਿਨ ਘੋੜਾ ਦੌੜ, ਭੇਡ ਚਰਾਉਣ, ਟੱਗ ਆਫ ਵਾਰ ਅਤੇ ਵੁੱਡ ਚੋਪਿੰਗ ਵਰਗੇ ਮੁਕਾਬਲੇ ਕਰਵਾਏ ਗਏ। ਇਸ ਗਰਮੀ ਦੇ ਮਹੀਨੇ ਦੌਰਾਨ ਘਾਹ ਦੇ ਮੈਦਾਨਾਂ ਵਿੱਚ ਰਹਿੰਦੇ ਵੱਖ-ਵੱਖ ਗੁਰਜਰ, ਬਕਰਵਾਲ ਭਾਈਚਾਰਿਆਂ ਦੇ ਲੋਕਾਂ ਨੇ ਹਿੱਸਾ ਲਿਆ।
ਸਥਾਨਕ ਨੈਸ਼ਨਲ ਰਾਈਫਲਜ਼ ਯੂਨਿਟ ਵੱਲੋਂ ਕਮਿਊਨਿਟੀ ਦੇ ਸੀਨੀਅਰ ਮੈਂਬਰਾਂ ਦੀ ਬੇਨਤੀ 'ਤੇ ਵੈਟਰਨਰੀ ਅਤੇ ਮੈਡੀਕਲ ਕੈਂਪ ਵੀ ਲਗਾਇਆ ਗਿਆ। ਇਸ ਦੌਰਾਨ 49 ਬੱਚਿਆਂ ਸਮੇਤ ਕੁੱਲ 679 ਮਰੀਜ਼ਾਂ ਦਾ ਡਾਕਟਰਾਂ ਨੇ ਇਲਾਜ ਕੀਤਾ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਵੈਟਰੇਨਰੀ ਕੈਂਪ ਨੇ 135 ਜਾਨਵਰਾਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ।
ਇਹ ਕਰਨਲ ਆਸ਼ੂਤੋਸ਼ ਸ਼ਰਮਾ ਦੀ ਇਕਾਈ ਵੱਲੋਂ ਆਯੋਜਿਤ ਕੀਤਾ ਗਿਆ ਸੀ, ਜੋ ਉੱਤਰੀ ਕਸ਼ਮੀਰ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਮਾਰੇ ਗਏ 5 ਸੁਰੱਖਿਆ ਬਲਾਂ ਦੇ ਜਵਾਨਾਂ ਵਿੱਚੋਂ ਸੀ। ਆਸ਼ੂਤੋਸ਼ ਸ਼ਰਮਾ 21 ਰਾਸ਼ਟਰੀ ਰਾਈਫਲਜ਼ਦਾ ਦੂਜਾ ਕਮਾਂਡਿੰਗ ਅਧਿਕਾਰੀ ਸਨ ਜਿਨ੍ਹਾਂ ਨੇ ਇਸ ਸਾਲ ਮਈ ਵਿੱਚ ਅੱਤਵਾਦ ਨਾਲ ਮੁਕਾਬਲੇ ਦੌਰਾਨ ਆਪਣੀ ਜਾਨ ਗਵਾ ਦਿੱਤੀ ਸੀ।
ਮੇਲੇ ਦੇ ਦੂਜੇ ਦਿਨ ਮੰਗਲਵਾਰ ਨੂੰ ਦਰਸ਼ਕਾਂ ਨੇ ਗੁਰਜਰ ਭਾਈਚਾਰੇ ਵੱਲੋਂ ਪੇਸ਼ ਕੀਤੇ ਗਏ ਲੋਕ ਗੀਤਾਂ, ਦੇਸ਼ ਭਗਤੀ ਦੇ ਗਾਣੇ, ਡਾਂਸ ਅਤੇ ਸਥਾਨਕ ਬੱਚਿਆਂ ਵੱਲੋਂ ਪਿੰਡ ਦੀਆਂ ਖੇਡਾਂ ਦਾ ਆਨੰਦ ਲਿਆ।
ਇਸ ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਅਤੇ ਕਮਿਊਨਿਟੀ ਦੇ ਬਜ਼ੁਰਗਾਂ ਵੱਲੋਂ ਫੌਜ ਨੂੰ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕਰਨ ਵਾਲੇ ਭਾਸ਼ਣ ਨਾਲ ਕੀਤੀ ਗਈ।