ਕਾਨਪੁਰ: 8 ਪੁਲਿਸ ਮੁਲਾਜ਼ਮਾਂ ਦੇ ਕਤਲ ਵਿੱਚ ਫਰਾਰ ਚੱਲ ਰਹੇ ਵਿਕਾਸ ਦੂਬੇ ਦੇ ਕਰੀਬੀ ਸਾਥੀ ਅਮਰ ਦੂਬੇ ਨੂੰ ਬੁੱਧਵਾਰ ਸਵੇਰੇ ਐਨਕਾਉਂਟਰ ਵਿੱਚ ਯੂਪੀ ਐਸਟੀਐਫ ਨੇ ਗੋਲੀ ਮਾਰ ਦਿੱਤੀ ਹੈ।
ਅਮਰ ਦੂਬੇ ਵੀ ਕਾਨਪੁਰ ਗੋਲੀਕਾਂਡ 'ਚ ਨਾਮਜ਼ਦ ਤੇ ਫਰਾਰ ਸੀ। ਯੂਪੀ ਐਸਟੀਐਫ ਦੇ ਅਨੁਸਾਰ ਜਦੋਂ ਉਨ੍ਹਾਂ ਅਮਰ ਦੂਬੇ ਨੂੰ ਘੇਰਿਆ ਤਾਂ ਉਸ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਜਵਾਬੀ ਕਾਰਵਾਈ 'ਚ ਅਮਰ ਦੂਬੇ ਢੇਰ ਹੋ ਗਿਆ।
ਕਾਨਪੁਰ ਗੋਲੀਕਾਂਡ 'ਚ ਸੀ ਸ਼ਾਮਲ
ਮੁਕਾਬਲੇ ਵਿੱਚ ਮਾਰੇ ਗਏ ਅਮਰ ਦੂਬੇ ਨੂੰ ਗੈਂਗਸਟਰ ਵਿਕਾਸ ਦੂਬੇ ਦਾ ਸੱਜਾ ਹੱਥ ਦੱਸਿਆ ਜਾ ਰਿਹਾ ਹੈ। ਉਹ ਚੌਬੇਪੁਰ ਦੇ ਪਿੰਡ ਵਿਕਰੂ ਵਿੱਚ ਹੋਏ ਗੋਲੀਬਾਰੀ ਵਿੱਚ ਸ਼ਾਮਲ ਸੀ ਅਤੇ ਪੁਲਿਸ ਨੇ ਉਸ ਉੱਤੇ 25 ਹਜ਼ਾਰ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਸੀ।
ਸੂਤਰਾਂ ਅਨੁਸਾਰ ਪੁਲਿਸ ਉਸ ਨੂੰ ਮਾਰਨਾ ਨਹੀਂ ਚਾਹੁੰਦੀ ਸੀ ਬਲਕਿ ਉਸ ਨੂੰ ਜ਼ਿੰਦਾ ਫੜਨਾ ਚਾਹੁੰਦੀ ਸੀ। ਪਰ ਜਦੋਂ ਐਸਟੀਐਫ ਨੇ ਉਸ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਤਾਂ ਉਸਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਹ ਜਵਾਬੀ ਫਾਇਰਿੰਗ ਵਿੱਚ ਮਾਰਿਆ ਗਿਆ। ਯੂਪੀ ਐਸਟੀਐਫ ਇਸ ਨੂੰ ਇੱਕ ਵੱਡੀ ਸਫਲਤਾ ਮੰਨ ਰਹੀ ਹੈ।