ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਕੋਰੋਨਾ ਪੀੜਤ ਹੋ ਗਏ ਹਨ। ਕੋਰੋਨਾ ਦੇ ਸ਼ੁਰੂਆਤੀ ਲੱਛਣ ਲੱਗਣ ਉੱਤੇ ਉਨ੍ਹਾਂ ਕੋਰੋਨਾ ਟੈਸਟ ਕਰਾਇਆ ਅਤੇ ਰਿਪੋਰਟ ਸਕਾਰਾਤਮਕ ਆਈ।
ਬੀਜੇਪੀ ਪ੍ਰਧਾਨ ਜੇਪੀ ਨੱਡਾ ਨੇ ਐਤਵਾਰ ਨੂੰ ਟਵੀਟ ਕਰਦਿਆਂ ਕਿਹਾ, ਕੋਰੋਨਾ ਦੇ ਸੰਕੇਤ ਸਾਹਮਣੇ ਆਉਣ ਤੋਂ ਬਾਅਦ ਮੈਂ ਟੈਸਟ ਕਰਵਾ ਲਿਆ ਅਤੇ ਰਿਪੋਰਟ ਸਕਾਰਾਤਮਕ ਆਈ ਹੈ। ਮੇਰੀ ਸਿਹਤ ਠੀਕ ਹੈ, ਡਾਕਟਰਾਂ ਦੀ ਸਲਾਹ 'ਤੇ ਘਰ ਵਿੱਚ ਇਕਾਂਤਵਾਸ ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰ ਰਿਹਾ ਹਾਂ।
ਭਾਜਪਾ ਪ੍ਰਧਾਨ ਨੱਡਾ ਨੇ ਕਿਹਾ, ਮੇਰੀ ਬੇਨਤੀ ਹੈ ਕਿ ਜਿਹੜਾ ਵੀ ਪਿਛਲੇ ਦਿਨਾਂ ਵਿੱਚ ਮੇਰੇ ਸੰਪਰਕ ਵਿੱਚ ਆਇਆ ਹੈ, ਕਿਰਪਾ ਕਰਕੇ ਆਪਣੇ ਆਪ ਨੂੰ ਇਕਾਂਤਵਾਸ ਕਰ ਆਪਣੀ ਜਾਂਚ ਕਰਵਾ ਲਵੇ।
ਨੱਡਾ ਦੇ ਸੰਕਰਮਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉਨ੍ਹਾਂ ਦੀ ਜਲਦੀ ਠੀਕ ਹੋਣ ਦੀ ਸ਼ੁੱਭ ਕਾਮਨਾ ਕੀਤੀ। ਉਨ੍ਹਾਂ ਟਵੀਟ ਕਰਕੇ ਲਿਖਿਆ ਕਿ ਇਸ ਚੁਣੌਤੀ ਭਰਪੂਰ ਸਮੇਂ ਵਿੱਚ, ਉਨ੍ਹਾਂ ਦੀਆਂ ਪ੍ਰਾਰਥਨਾਵਾਂ ਨੱਡਾ ਅਤੇ ਉਸਦੇ ਪਰਿਵਾਰ ਨਾਲ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਈ ਆਗੂਆ ਦੀਆਂ ਕੋਰੋਨਾ ਸੰਕਰਮਿਤ ਹੋਣ ਦੀਆਂ ਖਬਰਾਂ ਸਾਹਮਣੇ ਆ ਚੁੱਕਿਆ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਕੋਰੋਨਾ ਦੀ ਲਾਗ ਕਾਰਨ ਕੁਝ ਦਿਨ ਹਸਪਤਾਲ ਵਿੱਚ ਰਹੇ। ਇਸ ਤੋਂ ਇਲਾਵਾ, ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਵੀ ਹਾਲ ਹੀ ਵਿੱਚ ਕੋਰੋਨਾ ਵਿੱਚ ਸੰਕਰਮਿਤ ਹੋਈ ਸੀ।