ਨਵੀਂ ਦਿੱਲੀ: ਕਰੀਬ 5 ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਐਤਵਾਰ ਨੂੰ 16 ਅਗਸਤ ਤੋਂ ਸ਼ਰਧਾਲੂ ਮੁੜ ਮਾਂ ਵੈਸ਼ਣੋ ਦੇਵੀ ਦੇ ਦਰਸ਼ਨ ਕਰ ਸਕਣਗੇ। ਕੋਰੋਨਾ ਦੇ ਸਖ਼ਤ ਨਿਯਮਾਂ ਸਮੇਤ ਯਾਤਰਾ ਸ਼ੁਰੂ ਹੋ ਰਹੀ ਹੈ। ਫਿਲਹਾਲ ਯਾਤਰਾ ਦੇ ਪਹਿਲੇ ਪੜਾਅ 'ਚ ਰੁਜ਼ਾਨਾ ਸਿਰਫ਼ 2,000 ਸ਼ਰਧਾਲੂ ਹੀ ਦਰਸ਼ਨ ਕਰ ਸਕਣਗੇ।
ਕੋਰੋਨਾ ਮਹਾਂਮਾਰੀ ਕਾਰਨ ਬੀਤੀ 18 ਮਾਰਚ ਨੂੰ ਵੈਸ਼ਣੋ ਦੇਵੀ ਯਾਤਰਾ ਮੁਲਤਵੀ ਕਰ ਦਿੱਤੀ ਗਈ ਸੀ। ਜੰਮੂ-ਕਸ਼ਮੀਰ ਸੂਬਾਈ ਪ੍ਰਸ਼ਾਸਨ ਨੇ ਬੀਤੇ ਮੰਗਲਵਾਰ ਨੂੰ ਸੂਬੇ ਦੇ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇਣ ਦੇ ਨਾਲ ਹੀ ਸਪੱਸ਼ਟ ਤੇ ਸਖ਼ਤ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਸਨ। ਸੂਬਾ ਪ੍ਰਸ਼ਾਸਨ ਦੀ ਹਰੀ ਝੰਡੀ ਮਿਲਣ ਤੋਂ ਬਾਅਦ ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਨੇ 16 ਅਗਸਤ ਤੋਂ ਵੈਸ਼ਣੋ ਦੇਵੀ ਯਾਤਰਾ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ।
ਸ਼੍ਰਾਈਨ ਬੋਰਡ ਦੇ ਸੀਈਓ ਰਮੇਸ਼ ਕੁਮਾਰ ਨੇ ਦੱਸਿਆ ਕਿ ਪਹਿਲੇ ਪੜਾਅ 'ਚ ਸਿਰਫ਼ 2000 ਸ਼ਰਧਾਲੂ ਰੋਜ਼ ਦਰਸ਼ਨ ਕਰ ਸਕਣਗੇ। ਇਨ੍ਹਾਂ ਵਿਚੋਂ 1900 ਜੰਮੂ-ਕਸ਼ਮੀਰ ਦੇ, ਜਦਕਿ 100 ਹੋਰਨਾਂ ਸੂਬਿਆਂ ਦੇ ਸ਼ਰਧਾਲੂ ਹੋਣਗੇ। ਬਾਕੀ ਸੂਬਿਆਂ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਕੋਵਿਡ-19 ਟੈਸਟ ਲਾਜ਼ਮੀ ਹੋਵੇਗਾ।
10 ਸਾਲ ਤੋਂ ਛੋਟੇ ਜਾਂ ਫਿਰ 60 ਸਾਲ ਤੋਂ ਉੱਪਰ ਦੇ ਲੋਕਾਂ ਦੇ ਨਾਲ ਹੀ ਗਰਭਵਤੀ ਔਰਤਾਂ ਨੂੰ ਪਹਿਲੇ ਪੜਾਅ 'ਚ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਹਰੇਕ ਸ਼ਰਧਾਲੂ ਲਈ ਮਾਸਕ ਜਾਂ ਫਿਰ ਫੇਸ ਸ਼ੀਲਡ ਪਹਿਨਣਾ ਲਾਜ਼ਮੀ ਹੋਵੇਗਾ ਤੇ ਸਰੀਰਕ ਦੂਰੀ ਦਾ ਵੀ ਖ਼ਿਆਲ ਰੱਖਣਾ ਪਵੇਗਾ। ਪਹਿਲੇ ਪੜਾਅ 'ਚ ਦਰਸ਼ਨਾਂ ਲਈ ਵੈਸ਼ਣੋ ਦੇਵੀ ਭਵਨ ਵੱਲ ਜਾਣ ਵਾਲੇ ਸ਼ਰਧਾਲੂਆਂ ਨੂੰ ਸਿਰਫ਼ ਰਵਾਇਤੀ ਮਾਰਗ ਤੋਂ ਜਾਣਾ ਪਵੇਗਾ ਤੇ ਦਰਸ਼ਨਾਂ ਤੋਂ ਬਾਅਦ ਵਾਪਸ ਨਵੇਂ ਤਾਰਾਕੋਟ ਮਾਰਗ ਰਾਹੀਂ ਆਉਣਾ ਪਵੇਗਾ।